ਕਣਕ ਦੀ ਬਰਾਮਦ ’ਤੇ ਪਾਬੰਦੀ ਨੂੰ ਲੈ ਕੇ ਸੁੁਖਬੀਰ ਬਾਦਲ ਵੱਲੋਂ ਕੇਂਦਰ ਦੀ ਨਿਖੇਧੀ, ਕਿਸਾਨਾਂ ਲਈ ਕੀਤੀ ਇਹ ਮੰਗ
Sunday, May 15, 2022 - 09:51 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ ਉਪਰ ਪਾਬੰਦੀ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਗਰਮੀ ਕਾਰਨ ਕਣਕ ਦਾ ਘੱਟ ਝਾੜ ਨਿਕਲਣ ਕਾਰਨ ਕਿਸਾਨਾਂ ਨੂੰ ਘੱਟ ਤੋਂ ਘੱਟ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਮਿਲਣਾ ਚਾਹੀਦਾ ਹੈ। ਬਾਦਲ ਨੇ ਮੰਗ ਕੀਤੀ ਕਿ ਬਰਾਮਦ ’ਤੇ ਪਾਬੰਦੀ ਤੁਰੰਤ ਖ਼ਤਮ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਜਿਣਸ ਦਾ ਸਹੀ ਭਾਅ ਮਿਲ ਸਕੇੇ। ਉਨ੍ਹਾਂ ਕਿਹਾ ਕਿ ਕਣਕ ਦੀ ਬਰਾਮਦ ’ਤੇ ਪਾਬੰਦੀ ਤੁਰੰਤ ਖ਼ਤਮ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਗ ’ਚ ਗਿਰਾਵਟ ਕਾਰਨ ਅਰਥਚਾਰੇ ’ਤੇ ਮਾਰੂ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸਭ ਤੋਂ ਵੱਧ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਬਰਾਮਦ ’ਤੇ ਪਾਬੰਦੀ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਪਵੇਗੀ ਕਿਉਂਕਿ ਪੰਜਾਬ ’ਚ ਇਸ ਵਾਰ ਕਣਕ ਦਾ ਝਾੜ 33 ਫੀਸਦੀ ਘਟ ਗਿਆ ਹੈ ਤੇ ਮੌਸਮ ਦੀ ਮਾਰ ਕਿਸਾਨਾਂ ਨੂੰ ਸਭ ਤੋਂ ਵੱਧ ਪਈ ਹੈ।
ਇਹ ਵੀ ਪੜ੍ਹੋ : ਪਾਕਿ ’ਚ 2 ਸਿੱਖਾਂ ਦੇ ਕਤਲ ’ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਉਦਯੋਗ ਤੇ ਖੇਤੀਬਾੜੀ ਦੇ ਮਾਮਲੇ ’ਚ ਉਤਪਾਦਨ ਲਈ ਇਕਸਾਰ ਨੀਤੀ ਅਪਣਾਉਣੀ ਚਾਹੀਦੀ ਹੈ। ਵੇਰਵੇ ਸਾਂਝੇ ਕਰਦਿਆਂ ਬਾਦਲ ਨੇ ਦੱਸਿਆ ਕਿ ਇਸ ਵਾਰ ਉਤਪਾਦਨ ’ਚ ਕਾਫੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਉਤਪਦਨ ਵਿਚ ਘਾਟ ਆਉਣ ਕਾਰਨ ਜਿਣਸਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ ਤੇ ਬਰਾਮਦ ’ਤੇ ਪਾਬੰਦੀ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜਦੋਂ ਵੀ ਝਾੜ ਘੱਟ ਹੁੰਦਾ ਹੈ ਤਾਂ ਸਰਕਾਰ ਉਤਪਾਦਕਾਂ ਤੇ ਵਪਾਰੀਆਂ ਦੇ ਹੱਕ ’ਚ ਨਿੱਤਰਦੀ ਹੈ। ਉਨ੍ਹਾਂ ਕਿਹਾ ਕਿ ਅੰਨਦਾਤੇ ਲਈ ਇਹ ਵੱਖਰਾ ਪੈਮਾਨਾ ਅਪਣਾਉੁਣ ਪਿੱਛੇ ਤਰਕ ਸਮਝ ਤੋਂ ਪਰ੍ਹੇ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ’ਚ 2 ਸਿੱਖਾਂ ਦੇ ਕਤਲ ਦੀ SGPC ਪ੍ਰਧਾਨ ਧਾਮੀ ਨੇ ਕੀਤੀ ਸਖ਼ਤ ਨਿਖੇਧੀ
ਸਾਬਕਾ ਉਪ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਸੁੱਕੇ ਦਾਣੇ ਦੇ ਮਾਮਲੇ ’ਚ ਦਿੱਤੀ ਰਿਆਇਤ ’ਤੇ ਵੀ ਸਵਾਲ ਚੁੱੱਕਿਆ ਤੇ ਕਿਹਾ ਕਿ ਸਰਕਾਰ ਨੇ ਦਾਣੇ ’ਚ 33 ਫੀਸਦੀ ਦੀ ਥਾਂ ’ਤੇ ਸਿਰਫ 12 ਫੀਸਦੀ ਦੀ ਰਿਆਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੇ ਹੋਏ ਅਸਲ ਨੁਕਸਾਨ ਤੋਂ ਧਿਆਨ ਪਾਸੇ ਕਰਨ ਦਾ ਯਤਨ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਨੂੰ ਇਸ ਆਫ਼ਤ ਤੋਂ ਰਾਹਤ ਦੇਣ ਦਾ ਇਕੋ-ਇਕ ਰਾਹ ਇਸ ਨੂੰ ਕੌਮੀ ਆਫ਼ਤ ਐਲਾਨਣ ਵਿਚ ਹੈ ਤੇ ਇਸ ਅਨੁਸਾਰ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਕੁਝ ਵੀ ਨਹੀਂ ਸੋਚਿਆ। ਉੁਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜੋ ਵੀ ਮੁਸ਼ਕਿਲ ਇਸ ਮੌਸਮ ’ਚ ਦਰਪੇਸ਼ ਆਈ ਹੈ, ਉਹ ਕੁਦਰਤੀ ਆਫ਼ਤ ਹੈ ਤੇ ਇਸ ਮੁਤਾਬਕ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।