ਕਾਂਗਰਸ ਦੇ ਵਟਸਐਪ ਗਰੁੱਪ 'ਚ ਹੈੱਡ ਕਾਂਸਟੇਬਲ ਨੂੰ ਅਸ਼ਲੀਲ ਵੀਡੀਓ ਪਾਉਣੀ ਪਈ ਮਹਿੰਗੀ
Saturday, Feb 22, 2020 - 02:28 PM (IST)
ਜਲੰਧਰ (ਮਹੇਸ਼)— ਕਾਂਗਰਸ ਦੇ ਐਂਟੀ-ਨਾਰਕੋਟਿਕਸ ਸੈੱਲ ਦੇ ਵਟਸਐਪ ਗਰੁੱਪ 'ਚ ਸੀ.ਆਈ. ਏ. ਸਟਾਫ ਦੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਅਸ਼ਲੀਲ ਵੀਡੀਓ ਅਪਲੋਡ ਕਰ ਦਿੱਤੀ। ਅਸ਼ਲੀਲ ਵੀਡੀਓ ਪਾਉਣ ਵਾਲੇ ਹੈੱਡਕਾਂਸਟੇਬਲ ਦੀ ਸ਼ਿਕਾਇਤ ਸੈੱਲ ਦੇ ਜ਼ਿਲਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਅਤੇ ਜ਼ਿਲੇ ਦੇ ਸੀਨੀਅਰ ਵਾਈਸ ਚੇਅਰਮੈਨ ਮਨਜੋਤ ਸਿੰਘ ਖਰਬੰਦਾ ਨੇ ਏ. ਡੀ. ਸੀ. ਪੀ. ਕ੍ਰਾਈਮ ਗੁਰਮੀਤ ਸਿੰਘ ਕਿੰਗਰਾ ਨੂੰ ਦਿੱਤੀ। ਕਿੰਗਰਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਘਿਨੌਣੀ ਹਰਕਤ ਕਰਨ ਵਾਲੇ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਕੈਰੋਂ ਅਤੇ ਖਰਬੰਦਾ ਦੇ ਨਾਲ ਲਲਿਤ ਪ੍ਰਸਾਦ, ਬਲਜਿੰਦਰ ਸਿੰਘ, ਬਲਜੀਤ ਸਿੰਘ, ਰਾਮ ਕੁਮਾਰ ਘਈ, ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਵੀ ਮੌਜੂਦ ਸਨ। ਐਂਟੀ-ਨਾਰਕੋਟਿਕਸ ਸੈੱਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਗਰੁੱਪ 'ਚ ਅਸ਼ਲੀਲ ਵੀਡੀਓ ਪਾਏ ਜਾਣ ਨਾਲ ਉਨ੍ਹਾਂ ਨੂੰ ਕਾਫੀ ਨਾਮੋਸ਼ੀ ਝੱਲਣੀ ਪਈ ਕਿਉਂਕਿ ਉਨ੍ਹਾਂ ਦੇ ਗਰੁੱਪ 'ਚ ਮਹਿਲਾ ਮੈਂਬਰ ਅਤੇ ਕਈ ਵੱਡੇ ਸਿਆਸੀ ਆਗੂ ਵੀ ਸ਼ਾਮਲ ਹਨ। ਕੈਰੋਂ ਅਤੇ ਖਰਬੰਦਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਨੂੰ ਲੈ ਕੇ ਉਹ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਖਾਸ ਤੌਰ 'ਤੇ ਏ. ਡੀ. ਸੀ. ਪੀ. ਗੁਰਮੀਤ ਸਿੰਘ ਕਿੰਗਰਾ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਮੁਲਜ਼ਮ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੈ।