ਬਰਸਾਤ ਦਾ ਮੌਸਮ ਸਿਰ ’ਤੇ, ਪ੍ਰਸ਼ਾਸਨ ਨੇ ਨਹੀਂ ਕਰਵਾਈ ਗੰਦੇ ਨਾਲੇ ਦੀ ਸਫਾਈ
Tuesday, Jun 12, 2018 - 04:34 AM (IST)
ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ )– ਸੀਵਰੇਜ ਦਾ ਗੰਦਾ ਨਾਲਾ ਨੱਕੋ-ਨੱਕ ਭਰਿਆ ਹੋਇਆ ਹੈ। ਪੂਰੇ ਸ਼ਹਿਰ ਦੇ ਸੀਵਰੇਜ ਦਾ ਪਾਣੀ ਇਸ ਨਾਲੇ ’ਚ ਹੀ ਇਕੱਠਾ ਹੁੰਦਾ ਹੈ। ਨਹਿਰੂੁ ਚੌਕ ਤੋਂ ਲੈ ਕੇ ਸੈਨੇਟਰੀ ਦਫਤਰ ਵਿਖੇ ਬਣੀ ਡਿਸਪੋਜ਼ਲ ਤੱਕ, ਇਸ ਤੋਂ ਬਾਅਦ ਬਾਜਾਖਾਨਾ ਰੋਡ ’ਤੇ ਡਰੇਨ ’ਚ ਸਾਰੇ ਸ਼ਹਿਰ ਦੇ ਸੀਵਰੇਜ ਦਾ ਪਾਣੀ ਪੈਂਦਾ ਹੈ।
ਇਸ ਨਾਲੇ ਦੀ ਲੰਬਾਈ ਲਗਭਗ 5 ਕਿਲੋਮੀਟਰ ਦੇ ਕਰੀਬ ਹੈ। ਹਰ ਸਾਲ ਨਗਰ ਕੌਂਸਲ ਵੱਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਸ ਨਾਲੇ ਦੀ ਸਫਾਈ ਕਰਵਾਈ ਜਾਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ ਜਦੋਂਕਿ ਬਰਸਾਤ ਦਾ ਮੌਸਮ ਸਿਰ ’ਤੇ ਹੈ। ਕਈ ਜਗ੍ਹਾ ’ਤੇ ਨਾਲੇ ’ਚ ਕੂਡ਼ਾ ਕਰਕਟ ਜਮ੍ਹਾ ਹੋਣ ਕਾਰਨ ਸੀਵਰੇਜ ਦਾ ਪਾਣੀ ਅੱਗੇ ਨਹੀਂ ਜਾ ਰਿਹਾ। ਬਰਸਾਤ ਦੇ ਦਿਨਾਂ ’ਚ ਇਸ ਪਾਣੀ ਦੀ ਨਿਕਾਸੀ ਨਹੀਂ ਹੋਈ ਤਾਂ ਗੰਦਾ ਪਾਣੀ ਸ਼ਹਿਰ ’ਚ ਫੈਲ ਸਕਦਾ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਹੋ ਜਾਵੇਗਾ।
ਨਾਲੇ ’ਚ ਕਿਸੇ ਦੇ ਡੁੱਬਣ ਕਾਰਨ ਜਾਨੀ ਨੁਕਸਾਨ ਹੋਣ ਦਾ ਵੀ ਡਰ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
