ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਇਸ ਤਾਰੀਖ਼ ਤੋਂ ਧੂੜ ਭਰੀ ਹਨ੍ਹੇਰੀ ਤੇ ਮੀਂਹ ਪੈਣ ਦੀ ਸੰਭਾਵਨਾ

04/19/2022 10:59:34 AM

ਲੁਧਿਆਣਾ (ਸਲੂਜਾ) : ਮੌਸਮ ਦੇ ਮਿਜਾਜ਼ ਨੂੰ ਲੈ ਕੇ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਵਿਸ਼ੇਸ਼ ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਪੱਛਮੀ ਚੱਕਰਵਾਤ ਕਾਰਨ ਮੌਸਮ ਆਉਣ ਵਾਲੇ ਦਿਨਾਂ ’ਚ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 19 ਅਪ੍ਰੈਲ ਤੋਂ 21 ਅਪ੍ਰੈਲ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਲੂ ਦੇ ਕਹਿਰ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਦੀ ਰ਼ਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲੇਗੀ। ਇਸ ਦੇ ਨਾਲ ਹੀ ਗਰਜ ਅਤੇ ਚਮਕ ਦੇ ਨਾਲ ਉੱਤਰੀ ਪੰਜਾਬ ਦੇ ਕੁੱਝ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ, ਜਿਸ ਨਾਲ ਗਰਮੀ ਦੇ ਵੱਧ ਰਹੇ ਕਹਿਰ ਤੋਂ ਕਿਸੇ ਹੱਦ ਤੱਕ ਪੰਜਾਬ ਵਾਸੀਆਂ ਨੂੰ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ : SYL ਮੁੱਦੇ 'ਤੇ ਸੁਖਪਾਲ ਖਹਿਰਾ ਦਾ ਟਵੀਟ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ ਫਿਰ ਸਭ ਤੋਂ ਗਰਮ ਰਿਹਾ
ਪੰਜਾਬ ’ਚ ਗਰਮੀ ਦਾ ਕਹਿਰ ਪਿਛਲੇ ਦਿਨਾਂ ਦੇ ਮੁਕਾਬਲੇ ਵੱਧ ਗਿਆ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਫਿਰ ਸ੍ਰੀ ਮੁਕਤਸਰ ਸਾਹਿਬ 43.1 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਗਰਮ ਰਿਹਾ, ਜਦੋਂ ਕਿ ਦੂਜੇ ਸਥਾਨ ’ਤੇ ਬਠਿੰਡਾ 42.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ 40.7, ਅੰਮ੍ਰਿਤਸਰ 41.3, ਪਠਾਨਕੋਟ 40.8, ਗੁਰਦਾਸਪੁਰ 37.8, ਫਿਰੋਜ਼ਪੁਰ 42.2, ਮੋਗਾ 41.5, ਫਰੀਦਕੋਟ 41.6, ਹੁਸ਼ਿਆਰਪੁਰ 42.1, ਨੂਰਮਹਿਲ 40.9, ਬਰਨਾਲਾ 42.3, ਰੋਪੜ 38.2, ਮੋਹਾਲੀ 40.3, ਫਤਿਹਗੜ੍ਹ ਸਾਹਿਬ 41.5, ਪਟਿਆਲਾ 42 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਰਿਹਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਦਾ ਕਹਿਰ ਬਰਕਰਾਰ ਰਹੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ਲਈ ਈਂਧਣ ਜੁਟਾਉਣਾ ਹੋ ਰਿਹਾ ਮੁਸ਼ਕਲ, ਘਰਾਂ-ਇੰਡਸਟਰੀ ਦੀ ਬਿਜਲੀ ਕੱਟੀ ਜਾਣੀ ਸ਼ੁਰੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News