ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ

Tuesday, Aug 20, 2024 - 10:20 AM (IST)

ਚੰਡੀਗੜ੍ਹ (ਰੋਹਾਲ) : 4 ਸਾਲਾਂ ਬਾਅਦ ਅਗਸਤ ਮਹੀਨੇ 'ਚ ਚੰਡੀਗੜ੍ਹ 'ਚ ਚੰਗੀ ਬਾਰਸ਼ ਹੋਈ ਹੈ। ਮਾਨਸੂਨ ਦੀ ਆਮਦ ਤੋਂ ਬਾਅਦ ਜੁਲਾਈ ਦੇ ਮਹੀਨੇ ਬਾਰਸ਼ ਦੀ ਕਮੀ ਤੋਂ ਬਾਅਦ ਹੁਣ ਮਾਨਸੂਨ ਵਰ੍ਹਿਆ ਹੈ। ਅਗਲੇ 2-3 ਦਿਨਾਂ ਤੱਕ ਵੀ ਸ਼ਹਿਰ 'ਚ ਚੰਗੀ ਬਾਰਸ਼ ਹੋ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਹੁਣ ਮਾਨਸੂਨ ਦੀ ਰਫ਼ਤਾਰ ਮੱਠੀ ਹੋ ਜਾਵੇਗੀ। 23 ਅਗਸਤ ਤੋਂ ਬਾਅਦ ਸ਼ਹਿਰ 'ਚ ਬਾਰਸ਼ ਘੱਟ ਜਾਵੇਗੀ। ਇਸ ਤੋਂ ਬਾਅਦ ਸਿਰਫ਼ ਹਲਕੀ ਬਾਰਸ਼ ਹੀ ਜਾਰੀ ਰਹੇਗੀ, ਪਰ ਅਗਸਤ ਦੇ ਆਖ਼ਰੀ ਹਫ਼ਤੇ ’ਚ ਹੀ ਬਾਰਸ਼ ਰੁਕਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵੀ ਸ਼ਹਿਰ ’ਚ ਕੁੱਝ ਥਾਵਾਂ ’ਤੇ ਹਲਕੀ ਬਾਰਸ਼ ਹੋਈ। ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27.3 ਡਿਗਰੀ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਮਾਨਸੂਨ ਦੀ ਬਾਰਸ਼ ਸਤੰਬਰ ਦੇ ਪਹਿਲੇ ਪੰਦਰਵਾੜੇ 'ਚ ਹੀ ਰੁਕ ਜਾਵੇਗੀ। ਉਂਝ ਅਗਸਤ ਮਹੀਨੇ ਵਿਚ ਹੋਈ ਬਾਰਸ਼ ਨੇ ਮਾਨਸੂਨ ਦੇ ਮੌਸਮ ਵਿਚ ਬਾਰਸ਼ ਦੀ ਕਮੀ ਦੀ ਭਰਪਾਈ ਕਰ ਦਿੱਤੀ ਹੈ। ਇਸ ਬਾਰਸ਼ ਤੋਂ ਬਾਅਦ ਹੁਣ ਤੱਕ ਚੰਡੀਗੜ੍ਹ ’ਚ ਹੋਈ ਬਾਰਸ਼ ਨੇ ਮਾਨਸੂਨ ਦੇ ਆਮ ਬਾਰਸ਼ ਦੇ ਗ੍ਰਾਫ ਨੂੰ ਛੂਹ ਲਿਆ ਹੈ।

ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਵੀ ਨਹੀਂ ਹੋਵੇਗੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ
ਇਸ ਵਾਰ ਅਗਸਤ ’ਚ ਹੋਈ ਮਾਨਸੂਨ ਦੀ ਅੱਧੀ ਤੋਂ ਵੱਧ ਬਾਰਸ਼
2 ਜੁਲਾਈ ਨੂੰ ਮਾਨਸੂਨ ਦੀ ਆਮਦ ਤੋਂ ਬਾਅਦ ਇਸ ਵਾਰ ਸ਼ਹਿਰ ’ਚ ਇੱਕ ਮਹੀਨੇ ਤੱਕ ਮਾਨਸੂਨ ਦੀ ਅਣਦੇਖੀ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਸੀਜ਼ਨ ’ਚ ਗਿਣੇ ਜਾਣ ਵਾਲੇ ਜੂਨ ਅਤੇ ਜੁਲਾਈ ਦੇ 2 ਮਹੀਨਿਆਂ ’ਚ ਸ਼ਹਿਰ ’ਚ ਸਿਰਫ 234 ਮਿਲੀਮੀਟਰ ਪਾਣੀ ਵਰ੍ਹਿਆ ਪਰ ਇਸ ਵਾਰ ਹੁਣ ਤੱਕ ਮਾਨਸੂਨ ਸੀਜ਼ਨ ’ਚ ਇਸ ਵਾਰ ਹੋਈ ਕੁੱਲ ਬਾਰਸ਼ 511 ਮਿ. ਮੀ. ਦੀ ਅੱਧੇ ਤੋਂ ਵੱਧ 276 ਮਿ. ਮੀ. ਬਾਰਸ਼ ਹੁਣ ਤੱਕ ਅਗਸਤ ’ਚ ਹੋਈ ਹੈ। ਅਗਸਤ 'ਚ ਹੋਈ ਬਾਰਸ਼ ਨੇ ਸ਼ਹਿਰ 'ਚ ਮਾਨਸੂਨ ਦੀ ਬਾਰਸ਼ 'ਚ ਚੱਲ ਰਹੀ 50 ਫ਼ੀਸਦੀ ਤੋਂ ਵੱਧ ਦੀ ਭਾਰੀ ਘਾਟ ਨੂੰ ਆਮ ਬਾਰਸ਼ ’ਚ ਤਬਦੀਲ ਕਰ ਦਿੱਤਾ। ਮੌਸਮ ਵਿਭਾਗ ਦੇ ਮਾਪਦੰਡਾਂ ਦੇ ਅਨੁਸਾਰ ਜੇਕਰ ਕਿਸੇ ਰਾਜ ਜਾਂ ਸ਼ਹਿਰ 'ਚ ਮਾਨਸੂਨ ਸੀਜ਼ਨ ਦੌਰਾਨ ਹੋਣ ਵਾਲੀ ਕੁੱਲ ਬਾਰਸ਼ ਦਾ 20 ਫ਼ੀਸਦੀ ਤੋਂ ਘੱਟ ਪਾਣੀ ਵਰ੍ਹੇ ਤਾਂ ਉਸ ਨੂੰ ਆਮ ਮਾਨਸੂਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਅਗਸਤ ਮਹੀਨੇ ’ਚ ਹੋਈ ਬਾਰਸ਼ ਤੋਂ ਬਾਅਦ ਹੁਣ ਤੱਕ ਮਾਨਸੂਨ ਦੀ ਬਾਰਸ਼ ’ਚ 18.5 ਫ਼ੀਸਦੀ ਦੀ ਕਮੀ ਹੈ, ਜੋ ਕਿ ਆਮ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਾਈ ਪਾਬੰਦੀ ਵਾਪਸ ਲਈ ਜਾਵੇ
ਹੁਣ ਅਗਸਤ ’ਚ ਹੀ ਵਰ੍ਹੇਗਾ ਬਚਿਆ ਮਾਨਸੂਨ
ਅਗਲੇ ਤਿੰਨ ਦਿਨਾਂ 'ਚ 23 ਅਗਸਤ ਤੱਕ ਚੰਡੀਗੜ੍ਹ ਸਮੇਤ ਉੱਤਰੀ ਭਾਰਤ 'ਚ ਦੱਖਣੀ ਪੱਛਮੀ ਮਾਨਸੂਨ ਸਰਗਰਮ ਹੈ। ਪਹਾੜੀ ਇਲਾਕਿਆਂ ਅਤੇ ਦੱਖਣੀ ਹਰਿਆਣਾ ’ਚ ਚੰਗੀ ਬਾਰਸ਼ ਹੋਣ ਦੇ ਨਾਲ ਚੰਡੀਗੜ੍ਹ ’ਚ ਵੀ ਬਾਰਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸ਼ਹਿਰ ਵਿਚ ਰੋਜ਼ਾਨਾ ਬਾਰਸ਼ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਜਾਣਗੀਆਂ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਹਾਲੇ ਕੁੱਝ ਦਿਨ ਬਾਰਸ਼ ਪੈਣ ਦੀ ਸੰਭਾਵਨਾ ਹੈ ਪਰ ਉਸ ਤੋਂ ਬਾਅਦ ਬਾਰਸ਼ ਦਾ ਦੌਰ ਘੱਟ ਜਾਵੇਗਾ। ਅਗਸਤ ਦੇ ਮਹੀਨੇ ’ਚ ਇਸ ਵਾਰ 2020 ਤੋਂ ਬਾਅਦ ਦੁਬਾਰਾ ਚੰਗੀ ਬਾਰਸ਼ ਹੋ ਰਹੀ ਹੈ ਪਰ ਹੁਣ ਮਾਨਸੂਨ ਕਮਜ਼ੋਰ ਹੁੰਦਾ ਜਾਵੇਗਾ। ਮੌਸਮ ਵਿਭਾਗ ਸਤੰਬਰ ਨੂੰ ਵੀ ਮਾਨਸੂਨ ਸੀਜ਼ਨ ’ਚ ਗਿਣਦਾ ਹੈ ਕਿਉਂਕਿ ਆਮ ਤੌਰ ’ਤੇ ਸਤੰਬਰ ’ਚ ਵੀ ਮਾਨਸੂਨ ਦੀ ਚੰਗੀ ਬਾਰਸ਼ ਹੁੰਦੀ ਰਹੀ ਹੈ। ਇਸ ਵਾਰ ਸਤੰਬਰ ਦੇ ਪਹਿਲੇ ਪੰਦਰਵਾੜੇ ਵਿਚ ਹੀ ਸ਼ਹਿਰ ਦੇ ਅਸਮਾਨ ਤੋਂ ਮਾਨਸੂਨ ਦੇ ਬੱਦਲ ਹਟ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


Babita

Content Editor

Related News