ਬੂੰਦਾਬਾਂਦੀ ਅਤੇ ਮੀਂਹ ਨਾਲ ਮੌਸਮ ਠੰਡਾ

Friday, Mar 27, 2020 - 09:24 PM (IST)

ਬੂੰਦਾਬਾਂਦੀ ਅਤੇ ਮੀਂਹ ਨਾਲ ਮੌਸਮ ਠੰਡਾ

ਚੰਡੀਗੜ੍ਹ– ਪੱਛਮ-ਉੱਤਰੀ ਖੇਤਰ ’ਚ ਪਿਛਲੇ 24 ਘੰਟਿਆਂ ’ਚ ਕਿਤੇ-ਕਿਤੇ ਹਲਕਾ ਮੀਂਹ ਜਾਂ ਬੂੰਦਾਬਾਂਦੀ ਹੋਈ ਅਤੇ ਅਗਲੇ 24 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਮੁਤਾਬਕ ਅਗਲੇ 24 ਘੰਟਿਆਂ ’ਚ ਤੇਜ਼ ਹਵਾ ਨਾਲ ਮੀਂਹ ਪੈਣ ਦੇ ਆਸਾਰ ਹਨ। ਕੱਲ ਰਾਤ ਛਾਏ ਬੱਦਲਾਂ ਕਾਰਨ ਪਾਰਾ ਹੇਠਾਂ ਡਿਗਿਆ, ਜਿਸ ਨਾਲ ਪਾਰਾ 16 ਤੋਂ 18 ਡਿਗਰੀ ਤੱਕ ਰਿਹਾ। ਚੰਡੀਗੜ੍ਹ, ਅੰਬਾਲਾ, ਲੁਧਿਆਣਾ, ਪਟਿਆਲਾ, ਆਦਮਪੁਰ ਸਮੇਤ ਕੁਝ ਥਾਵਾਂ ’ਤੇ ਬੂੰਦਾਬਾਂਦੀ ਜਾਂ ਹਲਕਾ ਮੀਂਹ ਪਿਆ। ਗੁਰਦਾਸਪੁਰ ’ਚ 1 ਮਿ. ਮੀ., ਅੰਮ੍ਰਿਤਸਰ ’ਚ 2 ਮਿ. ਮੀ. ਮੀਂਹ ਪਿਆ।
ਉਥੇ ਹੀ ਦਿੱਲੀ ’ਚ 1 ਮਿ. ਮੀ. ਮੀਂਹ ਅਤੇ ਪਾਰਾ 19 ਡਿਗਰੀ, ਸ਼੍ਰੀਨਗਰ ’ਚ 6 ਮਿ.ਮੀ. ਅਤੇ ਜੰਮੂ ’ਚ 4 ਮਿ.ਮੀ ਮੀਂਹ ਪਿਆ। ਹਿਮਾਚਲ ਪ੍ਰਦੇਸ਼ ’ਚ ਮੌਸਮ ਖਰਾਬ ਰਿਹਾ। ਦਰਮਿਆਨੇ ਅਤੇ ਹੇਠਲੇ ਇਲਾਕਿਆਂ ’ਚ ਮੀਂਹ ਅਤੇ ਉਚਾਈ ਵਾਲੇ ਸਥਾਨਾਂ ’ਤੇ ਬਰਫਬਾਰੀ ਹੋ ਰਹੀ ਹੈ। ਸ਼ਿਮਲਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਲਾਹੌਲ ਸਪਿਤੀ ’ਚ ਰੋਹਤਾਂਗ ਸਮੇਤ ਕੇਲਾਂਗ ਤੇ ਕਿੰਨੌਰ ਜ਼ਿਲੇ ਦੇ ਕਲਪਾ ’ਚ ਵੀ ਬਰਫਬਾਰੀ ਹੋਈ। ਸ਼ੁੱਕਰਵਾਰ ਸਵੇਰ ਤੱਕ ਕੇਲਾਂਗ ’ਚ 6 ਸੈਂਟੀਮੀਟਰ ਅਤੇ ਕਲਪਾ ’ਚ 0.2 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਜਦੋਂ ਕਿ 13050 ਫੁੱਟ ਦੀ ਉਚਾਈ ’ਤੇ ਸਥਿਤ ਰੋਹਤਾਂਗ ’ਚ ਲਗਭਗ ਅੱਧਾ ਫੁੱਟ ਬਰਫਬਾਰੀ ਹੋਈ। ਉਥੇ ਹੀ ਰਾਜਧਾਨੀ ਸ਼ਿਮਲਾ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਵੀਰਵਾਰ ਰਾਤ ਤੋਂ ਮੀਂਹ ਪੈ ਰਿਹਾ ਹੈ।

PunjabKesari
ਮੀਂਹ ਤੋਂ ਬਾਅਦ ਤਾਪਮਾਨ ’ਚ 6 ਤੋਂ 7 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੇਲਾਂਗ ’ਚ ਘੱਟੋ-ਘੱਟ ਤਾਪਮਾਨ ਮਾਈਨਸ 0.5 ਡਿਗਰੀ ਰਿਹਾ ਜਦੋਂ ਕਿ ਸ਼ਿਮਲਾ ਦੇ ਕੁਫਰੀ ’ਚ 2.9 ਡਿਗਰੀ, ਕੁੱਲੂ ਦੇ ਮਨਾਲੀ ’ਚ 4.8 ਡਿਗਰੀ, ਚੰਬਾ ਦੇ ਡਲਹੌਜ਼ੀ ’ਚ 5.0 ਡਿਗਰੀ ਅਤੇ ਕਾਂਗੜਾ ਦੇ ਧਰਮਸ਼ਾਲਾ ’ਚ 8.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਰਾਜਧਾਨੀ ’ਚ 7.1 ਡਿਗਰੀ ਰਿਹਾ।


author

Gurdeep Singh

Content Editor

Related News