ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Saturday, Mar 02, 2024 - 06:56 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਅੱਜ ਪੰਜਾਬ ਭਰ ਦੇ ਕਈ ਇਲਾਕਿਆਂ 'ਚ ਸੰਘਣੇ ਬੱਦਲ ਛਾਏ ਹੋਏ ਹਨ। ਉਥੇ ਹੀ ਜਲੰਧਰ, ਬਠਿੰਡਾ, ਗੁਰਦਾਸਪੁਰ ਸਮੇਤ ਹੋਰ ਕਈ ਥਾਵਾਂ ਵਿਖੇ ਤੇਜ਼ ਬਾਰਿਸ਼ ਹੋ ਰਹੀ ਹੈ ਅਤੇ ਗੜ੍ਹੇਮਾਰੀ ਵੀ ਹੋਈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ ਕਿ ਆਉਣ ਵਾਲੇ ਦਿਨਾਂ 'ਚ ਭਾਰੀ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ।
ਅਚਾਨਕ ਬਦਲੇ ਮੌਸਮ ਕਾਰਨ ਇਕ ਵਾਰ ਫਿਰ ਤੋਂ ਠੰਡ ਵਿਚ ਵਾਧਾ ਹੋ ਸਕਦਾ ਹੈ। ਇਕ ਘੰਟੇ ਤੱਕ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਪਰਮਾਤਮਾ ਦੀ ਮਿਹਰ ਨਾਲ ਇਲਾਕੇ ਵਿੱਚੋਂ ਕਿਸੇ ਅਣਸੁਖਾਵੀ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 2-3 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਕਾਰਨ ਮੀਂਹ ਵਾਲਾ ਮੌਸਮ ਕਈ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।
ਜ਼ਿਕਰਯੋਗ ਹੈ ਕਿ ਉੱਤਰ ਭਾਰਤ ਦੇ ਵੱਖ-ਵੱਖ ਇਲਾਕਿਆਂ ਸਮੇਤ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਵਿਚ ਮੌਸਮ ਦਾ ਮਿਜਾਜ਼ ਬਦਲ ਚੁੱਕਾ ਹੈ। ਓਰੇਂਜ ਅਲਰਟ ਵਿਚਕਾਰ ਕਈ ਸੂਬਿਆਂ ਵਿਚ ਬਰਫ਼ਬਾਰੀ ਅਤੇ ਬਾਰਿਸ਼ ਕਾਰਨ ਤਾਪਮਾਨ ਵਿਚ ਗਿਰਾਵਟ ਹੋਈ ਹੈ। ਦੂਜੇ ਪਾਸੇ ਜੰਮੂ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਹੋਈ, ਜਦਕਿ ਪੱਕੀ ਹੱਟੀ ਨੇੜੇ ਜ਼ਮੀਨ ਖਿਸਕਣ ਨਾਲ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ।
ਓਰੇਂਜ ਅਲਰਟ ਵਿਚਕਾਰ ਪੰਜਾਬ ਅਤੇ ਹਰਿਆਣਾ ਵਿਚ ਸ਼ੁੱਕਰਵਾਰ ਸ਼ਾਮ ਨੂੰ ਬਾਰਿਸ਼ ਹੋਣ ਨਾਲ ਠੰਡੀਆਂ ਹਵਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜੋਕਿ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਦੋਵਾਂ ਸੂਬਿਆਂ ਦੇ ਵੱਧ ਤੋਂ ਵੱਧ ਤਾਪਮਾਨ ’ਚ 5 ਡਿਗਰੀ ਤਕ ਗਿਰਾਵਟ ਦਰਜ ਹੋਈ ਹੈ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਹਿਮਾਚਲ ਦੀ ਰਾਜਧਾਨੀ ਸ਼ਿਮਲਾ ਸਮੇਤ ਕਈ ਹਿੱਸਿਆਂ ਵਿਚ ਬਾਰਿਸ਼ ਹੋਈ, ਜਦੋਂ ਕਿ ਲਾਹੌਲ-ਸਪਿਤੀ ਅਤੇ ਿਕਨੌਰ ਵਿਚ ਤਾਜ਼ਾ ਬਰਫਬਾਰੀ ਹੋਈ ਹੈ। ਚੰਬਾ ਦੀਆਂ ਪਹਾੜੀਆਂ ਵਿਚ ਰੁਕ-ਰੁਕ ਕੇ ਬਰਫਬਾਰੀ ਹੁੰਦੀ ਰਹੀ। ਰੋਹਤਾਂਗ ਅਤੇ ਸ਼ਿੰਕੁਲਾ ਇਲਾਕਿਆਂ ਵਿਚ 2 ਫੁੱਟ ਤਕ ਬਰਫਬਾਰੀ ਹੋਈ।
ਮੌਸਮ ਵਿਭਾਗ ਵੱਲੋਂ ਸ਼ਨੀਵਾਰ ਨੂੰ ਬਹੁਤ ਜ਼ਿਆਦਾ ਬਰਫ਼ਬਾਰੀ ਅਤੇ ਬਾਰਿਸ਼ ਸਮੇਤ ਗਰਜ ਨਾਲ ਗੜੇ ਪੈਣ ਅਤੇ ਆਸਮਾਨੀ ਬਿਜਲੀ ਚਮਕਣ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕਾਂਗੜਾ, ਕੁੱਲੂ, ਮੰਡੀ, ਚੰਬਾ, ਕਿਨੌਰ, ਊਨਾ, ਸ਼ਿਮਲਾ ਅਤੇ ਲਾਹੌਲ-ਸਪਿਤੀ ਆਦਿ ਜ਼ਿਲ੍ਹਿਆਂ ਵਿਚ ਬਹੁਤ ਭਾਰੀ ਬਰਫ਼ਬਾਰੀ ਅਤੇ ਬਾਰਿਸ਼ ਦਾ ਅਲਰਟ ਆਇਆ ਹੈ। ਕਾਂਗੜਾ, ਹਮੀਰਪੁਰ, ਬਿਲਾਸਪੁਰ ਅਤੇ ਊਨਾ ਜ਼ਿਲਿਆਂ ਵਿਚ ਵੱਖ-ਵੱਖ ਥਾਵਾਂ ’ਤੇ ਗੜੇ ਪੈਣ ਦੀ ਸੰਭਾਵਨਾ ਹੈ।
ਅਟਲ ਟਨਲ ਸੈਲਾਨੀਆਂ ਲਈ ਬੰਦ
ਉਥੇ ਹੀ ਮਨਾਲੀ ਦੇ ਉਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਕਾਰਨ ਸੈਲਾਨੀਆਂ ਨੇ ਸੋਲੰਗਨਾਲਾ ਅਤੇ ਅਟਲ ਟਨਲ ਰੋਹਤਾਂਗ ਦਾ ਰੁਖ਼ ਕੀਤਾ। ਦੁਪਹਿਰ ਬਾਅਦ ਤੇਜ਼ ਬਰਫ਼ਬਾਰੀ ਕਾਰਨ ਸੈਲਾਨੀਆਂ ਨੂੰ ਟਨਲ ਤੋਂ ਵਾਪਸ ਭੇਜਿਆ ਗਿਆ ਅਤੇ ਟਨਲ ਸੈਲਾਨੀਆਂ ਲਈ ਬੰਦ ਕਰ ਦਿੱਤੀ ਗਈ। ਸ਼ਾਮ ਦੇ ਸਮੇਂ ਸੈਲਾਨੀਆਂ ਦੇ ਵਾਹਨ ਬਰਫ਼ ਵਿਚ ਵੀ ਫਸੇ। ਫੋਰ ਬਾਈ ਫੋਰ ਵਾਹਨਾਂ ਦੀ ਆਵਾਜਾਈ ਤਾਂ ਸੁਚਾਰੂ ਰਹੀ ਪਰ ਹੋਰ ਸੈਲਾਨੀ ਵਾਹਨ ਬਰਫ ’ਚ ਸਕਿਟ ਹੋਏ, ਜਿਸ ਨਾਲ ਟ੍ਰੈਫਿਕ ਜਾਮ ਵੀ ਰਿਹਾ।
ਇਹ ਵੀ ਪੜ੍ਹੋ: ਅੱਜ ਜਲੰਧਰ ਦਾ ਦੌਰਾ ਕਰਨਗੇ CM ਕੇਜਰੀਵਾਲ ਤੇ CM ਭਗਵੰਤ ਮਾਨ, ਕਰ ਸਕਦੇ ਨੇ ਵੱਡੇ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8