ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਝੋਨੇ ਦੀ ਲਵਾਈ ਨੇ ਫੜ੍ਹਿਆ ਜ਼ੋਰ
Saturday, Jun 22, 2024 - 01:10 PM (IST)
ਮੰਡੀ ਅਰਨੀਵਾਲਾ (ਸੁਖਦੀਪ) : ਅੱਤ ਦੀ ਗਰਮੀ ਤੋਂ ਰਾਹਤ ਦਿੰਦਿਆਂ ਇੰਦਰ ਦੇਵਤਾ ਇਕ ਵਾਰ ਮਿਹਰਬਾਨ ਹੋਏ ਹਨ। ਇਸ ਕਾਰਨ ਮੌਸਮ ਨੇ ਕਰਵਟ ਲਈ ਹੈ ਅਤੇ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਗਰਮੀ ਦਾ ਸੰਤਾਪ ਭੋਗ ਰਹੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਕਾਰਨ ਲੋਕਾਂ ਦੇ ਚਿਹਰਿਆਂ ’ਤੇ ਰੌਣਕਾਂ ਆ ਗਈਆਂ ਹਨ। ਜਿੱਥੇ ਬਨਸਪਤੀ ਅਤੇ ਜੀਵ-ਜੰਤੂਆਂ ਲਈ ਵੀ ਇਹ ਬਰਸਾਤ ਵਰਦਾਨ ਸਾਬਤ ਹੋਈ ਹੈ।
ਪਿਛਲੇ 2 ਦਿਨਾਂ ਤੋਂ ਆਈਆਂ ਤੇਜ਼ ਹਨ੍ਹੇਰੀਆਂ ਅਤੇ ਬਾਅਦ ’ਚ ਪਏ ਮੀਂਹ ਨੇ ਤਾਪਮਾਨ ਕਾਫੀ ਹੇਠਾਂ ਲੈ ਆਂਦਾ ਹੈ। ਜਿੱਥੇ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਮੁਰਝਾ ਰਹੀਆਂ ਸਨ ਅਤੇ ਖੇਤਾਂ ’ਚ ਲਾਏ ਗਏ ਝੋਨੇ ’ਚ ਪਾਣੀ ਦੀ ਘਾਟ ਰੜਕ ਰਹੀ ਸੀ, ਕਿਉਂਕਿ ਝੋਨੇ ਦੀ ਫ਼ਸਲ ’ਚ ਪਾਣੀ ਨਹੀਂ ਖੜ੍ਹ ਰਿਹਾ ਸੀ। ਇਸ ਕਾਰਨ ਝੋਨੇ ਦੀ ਪਨੀਰੀ ਮੁਰਝਾਉਣ ਲੱਗੀ ਸੀ ਪਰ ਬਰਸਾਤ ਤੋਂ ਬਾਅਦ ਝੋਨੇ ਦੀ ਲਵਾਈ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਖੇਤਾਂ 'ਚ ਇਕ ਫਿਰ ਤੋਂ ਰੌਣਕਾਂ ਪਰਤ ਆਈਆਂ ਹਨ।
ਆਉਣ ਵਾਲੇ ਦਿਨਾਂ ’ਚ ਜੇਕਰ ਬਰਸਾਤ ਖੁੱਲ੍ਹ ਜਾਂਦੀ ਹੈ ਤਾਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਰੜਕੇਗੀ। ਜਿਸ ਕਾਰਨ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਨਾਲ ਦੀ ਦੋ-ਚਾਰ ਹੋਣਾ ਪੈ ਸਕਦਾ ਹੈ। ਬੇਸ਼ੱਕ ਪਰਵਾਸੀ ਮਜ਼ਦੂਰਾਂ ਨੇ ਇਕ ਵਾਰ ਆ ਕੇ ਝੋਨੇ ਦੀ ਲਵਾਈ ਦਾ ਮੋਰਚਾ ਸੰਭਾਲ ਲਿਆ ਹੈ ਪਰ ਫਿਰ ਵੀ ਮਜ਼ਦੂਰਾਂ ਦੀ ਘਾਟ ਰੜ੍ਹਕੇਗੀ।