ਹਥਿਆਰ ਸਮੱਗਲਰ ਸੂਰਜ ਦੇ ਫੇਸਬੁੱਕ ਅਕਾਊਂਟ ''ਚੋਂ ਮਿਲੀਆਂ ਪਿਸਤੌਲ ਖਰੀਦਣ ਵਾਲਿਆਂ ਦੀਆਂ ਤਸਵੀਰਾਂ

Tuesday, Sep 22, 2020 - 01:33 PM (IST)

ਜਲੰਧਰ (ਜ. ਬ.) : ਹਥਿਆਰ ਸਮੱਗਲਰ ਸੂਰਜ ਦੇ ਫੇਸਬੁੱਕ ਅਕਾਊਂਟ ਵਿਚੋਂ ਹਥਿਆਰ ਖਰੀਦਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਮਿਲੀਆਂ ਹਨ। ਪੁਲਸ ਉਕਤ ਤਸਵੀਰਾਂ ਤੋਂ ਇਲਾਵਾ ਮਿਲੇ ਹੋਰ ਇਨਪੁੱਟਸ ਦੀ ਜਾਂਚ ਵਿਚ ਜੁਟ ਗਈ ਹੈ। ਪੁਲਸ ਹੁਣ ਹਥਿਆਰ ਖਰੀਦਣ ਵਾਲੇ ਨੌਜਵਾਨਾਂ ਦਾ ਥਹੁ-ਪਤਾ ਲਾਉਣ ਵਿਚ ਜੁਟੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੋਮਵਾਰ ਨੂੰ ਸੂਰਜ ਕੁਮਾਰ ਦਾ ਰਿਮਾਂਡ ਖਤਮ ਹੋਣ 'ਤੇ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। ਦੂਜੇ ਪਾਸੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਅਭਿਨਵ ਨੂੰ ਪੁਲਸ ਜਲਦ ਗ੍ਰਿਫ਼ਤਾਰ ਕਰ ਸਕਦੀ ਹੈ। ਉਹ ਅਜੇ ਸਿਵਲ ਹਸਪਤਾਲ ਵਿਚ ਦਾਖਲ ਹੈ, ਉਸ ਨੂੰ ਸੂਰਜ ਨੇ ਹੀ ਗੋਲੀ ਮਾਰੀ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਅਭਿਨਵ ਉਸ ਦੀ ਭੈਣ 'ਤੇ ਗੰਦੀ ਨਜ਼ਰ ਰੱਖਦਾ ਸੀ।

ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਸੂਰਜ ਦੇ ਫੇਸਬੁੱਕ ਅਕਾਊਂਟਸ 'ਚੋਂ ਮਿਲੀਆਂ ਤਸਵੀਰਾਂ ਅਤੇ ਹੋਰ ਇਨਪੁੱਟਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਵੱਲੋਂ ਵੇਚੇ ਹਥਿਆਰ ਬਰਾਮਦ ਕਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਦੀ ਟੀਮ ਨੇ ਜਦੋਂ ਅਭਿਨਵ ਨੂੰ ਗੋਲੀ ਲੱਗਣ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਤਾਂ ਪੰਜਾਬ ਵਿਚ ਚੱਲ ਰਿਹਾ ਹਥਿਆਰ ਸਪਲਾਈ ਦਾ ਨੈੱਟਵਰਕ ਬ੍ਰੇਕ ਹੋਇਆ ਸੀ। ਸੂਰਜ ਅਤੇ ਅਭਿਨਵ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿਚ ਵੇਚਦੇ ਸਨ। ਦੋਵਾਂ ਖਿਲਾਫ ਕੇਸ ਦਰਜ ਕਰ ਕੇ ਪੁਲਸ ਨੇ ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਨਿਵਾਸੀ ਨਿਊ ਰਾਜਨ ਨਗਰ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਪੁੱਛਗਿੱਛ ਦੌਰਾਨ ਸੀ. ਆਈ. ਏ. ਸਟਾਫ ਨੇ ਹਥਿਆਰ ਖਰੀਦਣ ਵਾਲੇ ਸਾਹਿਲ ਸੈਣੀ ਪੁੱਤਰ ਅਚੁਲ ਕੁਮਾਰ ਨਿਵਾਸੀ ਪ੍ਰੇਮ ਨਗਰ ਪਠਾਨਕੋਟ, ਅੰਮ੍ਰਿਤਪਾਲ ਸਿੰਘ ਉਰਫ ਅੰਮੂ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਭੋਮਾ (ਬਟਾਲਾ), ਕੇਸ਼ਵ ਖੇੜਾ ਉਰਫ ਕਾਕੂ ਪੁੱਤਰ ਹਰਸ਼ ਖੇੜਾ ਨੂੰ ਪੁਲਸ ਨੇ ਉਸ ਦੇ ਫਤਾਪੁਰ ਅੱਡਾ ਹਕੀਮਾਂ ਗੇਟ (ਅੰਮ੍ਰਿਤਸਰ) ਸਥਿਤ ਘਰੋਂ ਅਤੇ ਵਿਜੇ ਪੁੱਤਰ ਬਲਬੀਰ ਸਿੰਘ ਨਿਵਾਸੀ ਭੀਖਾ ਨੰਗਲ (ਕਰਤਾਰਪੁਰ), ਜੋਬਨਜੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਦੇਵ ਸਿੰਘ ਨਿਵਾਸੀ ਅਰਜਨ ਮਾਂਗਾ ਮਹਿਤਾ (ਅੰਮ੍ਰਿਤਸਰ) ਅਤੇ ਹਰਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਿਵਾਸੀ ਖੇੜੀ ਵੀਰ ਸਿੰਘ (ਫਤਿਹਗੜ੍ਹ ਸਾਹਿਬ) ਨੂੰ ਵੀ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 32 ਬੋਰ ਦੇ ਕੁਲ 12 ਪਿਸਤੌਲ ਅਤੇ 15 ਗੋਲੀਆਂ ਬਰਾਮਦ ਕੀਤੀਆਂ ਸਨ।


Gurminder Singh

Content Editor

Related News