ਭਾਰਤ-ਪਾਕਿ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ
Wednesday, Nov 11, 2026 - 08:33 PM (IST)
ਗੁਰਦਾਸਪੁਰ/ਕਲਾਨੌਰ (ਹਰਜਿੰਦਰ ਸਿੰਘ ਗੋਰਾਇਆ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਪੈਂਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ ਇਕ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਚੰਦੂ ਵਡਾਲਾ ਦੇ ਖੇਤਾਂ ਵਿੱਚੋਂ ਇਹ ਅਸਲਾ ਬਰਾਮਦ ਕੀਤਾ ਗਿਆ ਹੈ।
ਇਸ ਸਬੰਧੀ ਬੀਐੱਸਐੱਫ ਦੀ 27 ਬਟਾਲੀਅਨ ਅਤੇ ਕਲਾਨੌਰ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਖੇਤਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਜਿਸ ਵਿੱਚੋਂ ਇੱਕ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਇਸ ਬਰਾਮਦਗੀ ਦੀ ਪੁਸ਼ਟੀ ਡੀਐੱਸਪੀ ਕਲਾਨੌਰ ਅਮੋਲਕ ਸਿੰਘ ਵੱਲੋਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਖੇਤਾਂ ਵਿੱਚੋਂ ਅਸਲਾ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਫਿਲਹਾਲ ਬਰਾਮਦ ਕੀਤੇ ਗਏ ਪਿਸਟਲ ਅਤੇ ਮੈਗਜ਼ੀਨਾਂ ਸਬੰਧੀ ਅਗਲੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਅਸਲਾ ਉੱਥੇ ਕਿਸ ਵੱਲੋਂ ਅਤੇ ਕਿਸ ਮਕਸਦ ਨਾਲ ਰੱਖਿਆ ਗਿਆ ਸੀ।
