ਚੋਣਾਂ ਦੇ ਮੱਦੇਨਜ਼ਰ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਤੁਰੰਤ ਥਾਣੇ ''ਚ ਜਮ੍ਹਾਂ ਕਰਵਾਉਣ ਦੇ ਹੁਕਮ
Friday, Dec 17, 2021 - 11:13 AM (IST)
ਨਿਹਾਲ ਸਿੰਘ ਵਾਲਾ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸ. ਐੱਚ. ਓ. ਨਿਰਮਲਜੀਤ ਸਿੰਘ ਸੰਧੂ ਦਾ ਤਬਾਦਲਾ ਹੋਣ ’ਤੇ ਉਨ੍ਹਾਂ ਦੀ ਜਗ੍ਹਾ ਜ਼ਿਲ੍ਹਾ ਮਾਨਸਾ ਤੋਂ ਬਦਲ ਕੇ ਆਏ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਦਾ ਅਹੁਦਾ ਸੰਭਾਲ ਲਿਆ। ਇਸ ਸਮੇਂ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਲਦ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਮੋਗਾ ਅਤੇ ਜ਼ਿਲ੍ਹਾ ਪੁਲਸ ਮੁਖੀ ਦੇ ਵਿਸ਼ੇਸ਼ ਹੁਕਮਾਂ ’ਤੇ ਸਬੰਧਿਤ ਥਾਣੇ ਨਾਲ ਸਾਰੇ ਅਸਲਾ ਧਾਰਕ ਆਪਣਾ ਅਸਲਾ ਤੁਰੰਤ ਥਾਣੇ, ਸਬੰਧਤ ਪੁਲਸ ਚੌਂਕੀ ਵਿਚ ਜਾਂ ਪ੍ਰਾਈਵੇਟ ਅਸਲਾ ਡੀਲਰ ਕੋਲ ਜਮ੍ਹਾਂ ਕਰਵਾਉਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਸਲਾ ਨਾ ਜਮ੍ਹਾਂ ਕਰਵਾਉਣ ਵਾਲਿਆ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਹਲਕੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ ਪਰ ਆਮ ਨਾਗਰਿਕ ਨੂੰ ਥਾਣੇ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।