ਆਜ਼ਾਦੀ ਪਰਵਾਨਿਆਂ ਦਾ ਮਜ਼ਾਕ ਸਹਿਣ ਨਹੀਂ ਕਰਾਂਗੇ- ਹਰਿੰਦਰਪਾਲ ਸਿੰਘ ਖਾਲਸਾ

11/14/2021 12:55:55 AM

ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਬਦ-ਜ਼ੁਬਾਨੀ ਲਈ ਮਸ਼ਹੂਰ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਪਿਛਲੇ ਦਿਨੀਂ ਉਸ ਨੂੰ ਮਿਲੇ ਪਦਮਸ਼੍ਰੀ ਐਵਾਰਡ ਨੂੰ ਲੈ ਕੇ ਦੇਸ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਸਨੇ 2014 'ਚ ਕੇਂਦਰ ਦੀ ਭਾਜਪਾ ਸਰਕਾਰ ਬਣਨ ਉਪਰੰਤ ਇੱਕ ਬਿਆਨ ਦਿੰਦਿਆ ਕਿਹਾ ਸੀ ਕਿ ਦੇਸ ਨੂੰ ਆਜ਼ਾਦੀ ਤਾਂ ਹੁਣ ਮਿਲੀ ਹੈ 1947 ਵਿੱਚ ਤਾਂ ਭੀਖ ਮਿਲੀ ਸੀ। ਇਹ ਵਿਚਾਰ ਅੱਜ ਇੱਥੇ ਆਜ਼ਾਦੀ ਘੁਲਾਟੀਆ ਉੱਤਰਾਧਿਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਖਾਲਸਾ ਨੇ ਕਿਹਾ ਕਿ ਇਹ ਮੂੰਹ ਫੱਟ ਅਦਾਕਾਰਾ ਨੇ ਆਪਣੀ ਬਦ-ਜ਼ੁਬਾਨੀ ਨਾਲ ਦੇਸ ਦੀ ਆਜ਼ਾਦੀ ਲਈ ਲੜਨ ਵਾਲੇ ਜਾਨ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।

ਖਾਲਸਾ ਨੇ ਕਿਹਾ ਕਿ ਉਹ ਔਰਤ ਜਾਤੀ ਦਾ ਅਥਾਹ ਸਤਿਕਾਰ ਕਰਦੇ ਹਨ ਭਾਜਪਾ ਦੇ ਇਸ਼ਾਰਿਆਂ 'ਤੇ ਜ਼ੁਬਾਨੀ ਠੁਮਕੇ ਲਾਉਣ ਵਾਲੀ ਇਸ ਔਰਤ ਨੇ ਔਰਤ ਜਾਤੀ ਨੂੰ ਹੀ ਅਪਮਾਨਿਤ ਕੀਤਾ ਹੈ। ਖਾਲਸਾ ਨੇ ਕਿਹਾ ਕਿ ਕੰਗਨਾ ਦੱਸੇ ਕਿ 1857 'ਚ ਮਹਾਰਾਣੀ ਝਾਂਸੀ ਲਕਛਮੀ ਬਾਈ ਆਪਣੇ ਬੱਚੇ ਨੂੰ ਪਿੱਠ ਪਿੱਛੇ ਬੰਨ੍ਹ ਜੰਗ ਦੇ ਮੈਦਾਨ ਵਿੱਚ ਭੀਖ ਮੰਗਣ ਲਈ ਉੱਤਰੀ ਸੀ, ਇਹ ਬਦ-ਜ਼ੁਬਾਨ ਔਰਤ ਦੱਸੇ ਕਿ ਕੀ ਨੇਤਾ ਜੀ ਸੁਭਾਸ਼ ਚੰਦਰ ਬੋਸ ਹਥਿਆਰ ਬੰਦ ਫੌਜ ਬਣਾ ਅੰਗਰੇਜ਼ਾਂ ਨਾਲ ਲੋਹਾ ਲੈਣ ਵੇਲੇ ਭੀਖ ਮੰਗ ਰਹੇ ਸੀ, ਕੀ ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਕਰਤਾਰ ਸਿੰਘ ਸਰਾਭਿਆਂ ਨੇ ਸ਼ਹੀਦੀਆਂ ਭੀਖ ਮੰਗਣ ਲਈ ਪਾਈਆਂ ਸਨ। ਖਾਲਸਾ ਨੇ ਕਿਹਾ ਕਿ ਕੰਗਨਾ ਆਪਣੇ ਬਿਆਨ ਬਾਬਤ ਤੁਰੰਤ ਮੁਆਫੀ ਮੰਗੇ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬਦ-ਜ਼ੁਬਾਨ ਅਦਾਕਾਰਾ ਤੋਂ ਪਦਮਸ਼੍ਰੀ ਐਵਾਰਡ ਵਾਪਸ ਲੈ ਕੇ ਇਸ 'ਤੇ ਦੇਸ਼ਧ੍ਰੋਹ ਦਾ ਮੁਕੱਦਮਾਂ ਦਰਜ ਕਰਨਾ ਚਾਹੀਦਾ ਹੈ।

ਖਾਲਸਾ ਨੇ ਕਿਹਾ ਕਿ ਉਹ ਦੇਸ ਭਗਤਾਂ ਦੀ ਸੰਤਾਨ ਹਨ ਮੇਰੇ ਪਿਤਾ ਜੀ ਨੇ ਇੰਡੀਅਨ ਨੈਸ਼ਨਲ ਆਰਮੀ 'ਚ ਭਰਤੀ ਹੋ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਨਹੀਂ ਸਹਿ ਸਕਦੇ। ਜਲਦੀ ਹੀ ਲੀਗਲ ਐਡਵਾਈਜ਼ਰ ਦੀ ਸਲਾਹ ਲੈ ਬਣਦੀ ਕਾਰਵਾਈ ਲਈ ਅਦਾਲਤ ਵਿੱਚ ਜਥੇਬੰਦੀ ਵੱਲੋਂ ਕੇਸ ਦਰਜ ਕਰਵਾਵਾਂਗੇ ਤਾਂ ਜੋ ਹੋਰ ਕੋਈ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਦੇਸ਼ ਭਗਤ ਅਤੇ ਦੇਸ਼ ਦੀ ਆਜ਼ਾਦੀ ਦਾ ਮਖੌਲ ਉਡਾਣ 'ਤੇ ਭਾਰਤ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ। ਇਸ ਮੌਕੇ ਉਨ੍ਹਾਂ ਨਾਲ ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਸੂਬਾ ਖਜਾਨਚੀ ਭਰਪੁਰ ਸਿੰਘ ਰੰਗੜਿਆਲ, ਬੀਬੀ ਸ਼ਮਿੰਦਰ ਕੌਰ ਲੌਂਗੋਵਾਲ, ਜਸਵਿੰਦਰ ਸਿੰਘ ਜਿਲ ਪ੍ਰਧਾਨ ਫਤਿਹਗੜ੍ਹ ਸਾਹਿਬ ਨਿਰਭੈ ਸਿੰਘ ਜ਼ਿਲਾ ਪ੍ਰਧਾਨ ਬਠਿੰਡਾ, ਗੁਰਚਰਨ ਸਿੰਘ ਬਰਗਾੜੀ, ਸੁਰਿੰਦਰ ਸਿੰਘ ਢੱਡਰੀਆਂ ਅਤੇ ਸੁਖਮਿੰਦਰ ਸਿੰਘ ਭੋਲਾ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News