ਰੰਗਲੇ ਪੰਜਾਬ ਦੇ ਹਰ ਰੰਗ ਨਾਲ ਸੈਲਾਨੀਆਂ ਨੂੰ ਕਰਵਾਵਾਂਗੇ ਰੂ-ਬ-ਰੂ : ਅਨਮੋਲ ਗਗਨ

Saturday, Sep 09, 2023 - 06:52 PM (IST)

ਰੰਗਲੇ ਪੰਜਾਬ ਦੇ ਹਰ ਰੰਗ ਨਾਲ ਸੈਲਾਨੀਆਂ ਨੂੰ ਕਰਵਾਵਾਂਗੇ ਰੂ-ਬ-ਰੂ : ਅਨਮੋਲ ਗਗਨ

ਰਾਜ ਸਰਕਾਰ ਵਲੋਂ ਸੂਬੇ ’ਚ ਨਿਵੇਸ਼ ਵਧਾਉਣ ਲਈ ਇਕ ਨਵਾਂ ਕਦਮ ਚੁੱਕਿਆ ਗਿਆ ਹੈ, ਟੂਰਿਜ਼ਮ ਸਮਿਟ। ਪਹਿਲੀ ਵਾਰ ਹੋਣ ਵਾਲੇ ਇਸ ਸਮਿਟ ਨੂੰ ਫਿਲਹਾਲ 3 ਦਿਨ ਲਈ ਤੈਅ ਕੀਤਾ ਗਿਆ ਹੈ, ਜਿਸ ’ਚ ਦੇਸ਼-ਵਿਦੇਸ਼ ਤੋਂ ਟੂਰਿਜ਼ਮ ਇੰਡਸਟਰੀ ਨਾਲ ਜੁੜੇ ਮਾਹਿਰਾਂ, ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ’ਚ ਉਪਲੱਬਧ ਮੌਕਿਆਂ ਬਾਰੇ ਦੱਸਿਆ ਜਾਵੇਗਾ। ਇਸ ਬਾਰੇ ਹੋਰ ਜ਼ਿਆਦਾ ਜਾਣਨ ਲਈ ‘ਪੰਜਾਬ ਕੇਸਰੀ/ਜਗਬਾਣੀ’ ਦੇ ਰਮਨਜੀਤ ਸਿੰਘ ਨੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼।

ਸਵਾਲ : ਇਨਵੈਸਟ ਪੰਜਾਬ ਸਮਿਟ ਕਈ ਵਾਰ ਆਯੋਜਿਤ ਹੋਇਆ, ਇਹ ਟੂਰਿਜ਼ਮ ਸਮਿਟ ਦਾ ਆਈਡੀਆ ਕਿੱਥੋਂ ਆਇਆ, ਇਸ ਦਾ ਕੀ ਫਾਇਦਾ ਹੋਵੇਗਾ?
ਜਵਾਬ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਾਡੀ ਸਰਕਾਰ ਦਾ ਸਿਰਫ਼ ਇਕ ਉਦੇਸ਼ ਹੈ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਹੈ। ਇਨਵੈਸਟ ਪੰਜਾਬ ਸਮਿਟ ਹੋਇਆ ਸੀ, ਉਸ ਵਿਚ ਵੀ ਪੰਜਾਬ ਵਿਚ ਵੱਡੇ-ਵੱਡੇ ਉਦਯੋਗਪਤੀਆਂ ਨੇ ਮੌਜੂਦਾ ਸਰਕਾਰ ਦੀ ਚੰਗੀ ਨੀਅਤ ਵੇਖਦਿਆਂ ਨਿਵੇਸ਼ ਸ਼ੁਰੂ ਕੀਤੇ। ਇਨਵੈਸਟ ਪੰਜਾਬ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟੂਰਿਜ਼ਮ ਡਿਪਾਰਟਮੈਂਟ ਨੂੰ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਨੂੰ ਕਿਹਾ ਸੀ, ਜਿਸ ’ਤੇ ਅਸੀਂ ਕੰਮ ਕੀਤਾ। ਪੰਜਾਬ ਵਿਚ ਸਰਵਿਸ ਸੈਕਟਰ ਦਾ ਬਹੁਤ ਸਕੋਪ ਹੈ ਅਤੇ ਇਸ ਨੂੰ ਮੱਦੇਨਜ਼ਰ ਰੱਖਦਿਆਂ ਅਸੀਂ ਆਪਣਾ ਪੂਰਾ ਗ੍ਰਾਊਂਡ ਵਰਕ ਕੀਤਾ ਹੈ। ਪ੍ਰਯਟਕਾਂ ਦੀ ਦਿਲਚਸਪੀ ਮੁਤਾਬਿਕ ਪੰਜਾਬ ਵਿਚ ਕਰੀਬ ਹਰ ਤਰ੍ਹਾਂ ਦੇ ਟੂਰਿਸਟ ਡੈਸਟੀਨੇਸ਼ਨ ਮੌਜੂਦ ਹਨ। ਸਾਨੂੰ ਪੂਰੀ ਉਮੀਦ ਹੈ ਕਿ ਇੰਡਸਟਰੀ ਨਾਲ ਜੁੜੇ ਵੱਡੇ ਨਿਵੇਸ਼ਕ ਇਨ੍ਹਾਂ ਵਿਚ ਨਿਵੇਸ਼ ਲਈ ਦਿਲਚਸਪੀ ਦਿਖਾਉਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿਮਾਗੀ ਤੌਰ ’ਤੇ ਕਮਜ਼ੋਰ ਮਰੀਜ਼ ਦਾ ਕੀਤਾ ਸਫ਼ਲ ਆਪਰੇਸ਼ਨ     

ਸਵਾਲ : ਅਤੇ ਇਸ ਦਾ ਫਾਇਦਾ ਕੀ ਹੋਵੇਗਾ?
ਜਵਾਬ : ਸੈਰ ਸਪਾਟਾ ਆਰਥਿਕਤਾ ਲਈ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਸਾਡਾ ਰਾਜ ਲੈਂਡਲਾਕ ਸਟੇਟ ਹੋਣ ਦੇ ਕਾਰਣ ਕਈ ਸਾਲ ਤੋਂ ਇੰਡਸਟਰੀ ਨਿਵੇਸ਼ ਨੂੰ ਲੈ ਕੇ ਪਛੜਦਾ ਰਿਹਾ ਹੈ, ਪਰ ਸੈਰ ਸਪਾਟਾ ਸੈਕਟਰ ਵਿਚ ਸਾਡੇ ਰਾਜ ਲਈ ਬਹੁਤ ਸੰਭਾਵਨਾਵਾਂ ਹਨ। ਸੈਰ ਸਪਾਟਾ ਸੈਕਟਰ ਵਿਚ ਹੋਣ ਵਾਲੇ ਨਿਵੇਸ਼ ਦਾ ਇਹ ਵੀ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਇਸ ਨਾਲ ਪੈਦਾ ਹੋਣ ਵਾਲੇ ਰੁਜ਼ਗਾਰ ਦੇ ਮੌਕਿਆਂ ਦਾ ਵੱਡਾ ਹਿੱਸਾ ਸਥਾਨਕ ਨੌਜਵਾਨਾਂ ਨੂੰ ਹੀ ਮਿਲੇਗਾ। ਇਸ ਲਈ ਸਾਡਾ ਮੰਨਣਾ ਹੈ ਕਿ ਇਹ ਟੂਰਿਜ਼ਮ ਸਮਿਟ ਰਾਜ ਦੀ ਆਰਥਿਕ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਨੂੰ ਕੁਦਰਤ ਵਲੋਂ ਬਖਸ਼ੀ ਖੂਬਸੂਰਤੀ ਤੋਂ ਦੇਸ਼ ਅਤੇ ਦੁਨੀਆਂ ਦੇ ਲੋਕ ਬੇਖ਼ਬਰ ਹਨ। ਹੁਣ ਇਸ ਪੰਜਾਬ ਟੂਰਿਜ਼ਮ ਸਮਿਟ ਰਾਹੀਂ ਅਸੀ ਸੰਸਾਰ ਦੇ ਸਾਹਮਣੇ ਪੰਜਾਬ ਦੀ ਹੁਣ ਤੱਕ ਅਣਛੂਹੀਆਂ ਰਹੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਾਂਗੇ, ਜੋ ਕਿ ਸਾਡੀ ਖੁਸ਼ਹਾਲ ਵਿਰਾਸਤ ਅਤੇ ਪ੍ਰਹੁਣਚਾਰੀ ਦੀ ਭਾਵਨਾ ਨੂੰ ਵੀ ਦਿਖਾਉਂਦੇ ਹਨ। ਟੂਰਿਜ਼ਮ ਇੰਡਸਟਰੀ ਜਿੰਨੀ ਵਧੇਗੀ, ਰਾਜ ਵਿਚ ਰੁਜ਼ਗਾਰ ਅਤੇ ਮਾਲੀਏ ਰਾਹੀਂ ਖੁਸ਼ਹਾਲੀ ਵੀ ਵਧੇਗੀ।

ਸਵਾਲ : ਤੁਸੀਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਦੌਰਾ ਕਰਕੇ ਟੂਰਿਜ਼ਮ ਇੰਡਸਟਰੀ ਦੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਹਨ, ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਕਿਵੇਂ ਦੀਆਂ ਰਹੀਆਂ?
ਜਵਾਬ : ਵੇਖੋ, ਪੰਜਾਬ ਦਾ ਅਕਸ ਪਿਛਲੀਆਂ ਸਰਕਾਰਾਂ ਕਾਰਣ ਸਿਰਫ਼ ਅਤੇ ਸਿਰਫ਼ ਐਗਰੀਕਲਚਰ ਸਟੇਟ ਦੇ ਰੂਪ ਵਿਚ ਰਿਹਾ ਹੈ। ਅਸੀਂ ਉਸ ਦੇ ਨਾਲ-ਨਾਲ ਇਹ ਦਿਖਾ ਰਹੇ ਹਾਂ ਕਿ ਪੰਜਾਬ ਵਿਚ ਦੇਸ਼ ਦੇ ਹੋਰ ਰਾਜਾਂ ਦੇ ਮੁਕਾਬਲੇ ਸੈਰ ਸਪਾਟੇ ਲਈ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇੱਥੇ ਵਾਟਰ ਸਪੋਟਰਸ, ਐਡਵੈਂਚਰ ਸਪੋਟਰਸ, ਧਾਰਮਿਕ ਸ਼ਰਧਾ, ਈਕੋ ਟੂਰਿਜ਼ਮ, ਵੈੱਲਨੈੱਸ, ਸੱਭਿਆਚਾਰਕ, ਹੈਂਡੀਕ੍ਰਾਫਟਸ ਵਰਗੀਆਂ ਕਈ ਚੀਜ਼ਾਂ ਮੌਜੂਦ ਹਨ। ਜੋਸ਼ ਅਤੇ ਦੇਸ਼ ਭਗਤੀ ਦੇ ਜਜ਼ਬੇ ਲਈ ਬਾਰਡਰ ਟੂਰਿਜ਼ਮ, ਵਾਰ ਹੀਰੋਜ਼ ਮਿਊਜ਼ੀਅਮ, ਜੰਗ ਏ ਆਜ਼ਾਦੀ ਮਿਊਜ਼ੀਅਮ ਮੌਜੂਦ ਹਨ। ਮੈਂ ਆਪਣੇ ਦੌਰੇ ਦੌਰਾਨ ਪੰਜਾਬ ਦੇ ਕੁਦਰਤੀ ਸੁੰਦਰਤਾ ਲਈ ਨਦੀ, ਡੈਮ ਅਤੇ ਪਹਾੜ ਸੈਲਾਨੀਆਂ ਲਈ ਖੋਲ੍ਹੇੇ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੇ ਫਰਮਾਨ ਨਾਲ ਖਿਡਾਰੀ ਭੰਬਲਭੂਸੇ ’ਚ, ਸ਼ੂਟਰਾਂ ਨੂੰ ਹੁਣ ਸਿਰਫ਼ 2 ਘੰਟੇ ਹੀ ਅਭਿਆਸ ਦੀ ਇਜਾਜ਼ਤ

ਸਵਾਲ : ਸੈਰ ਸਪਾਟੇ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਸਾਡੇ ਅੰਮ੍ਰਿਤਸਰ ਵਿਚ ਰੋਜ਼ਾਨਾ ਲੱਖਾਂ ਲੋਕ ਪਹੁੰਚਦੇ ਹਨ, ਉਨ੍ਹਾਂ ਲਈ ਵੀ ਸੁਵਿਧਾਵਾਂ ਵਧੇਣਗੀਆਂ ?
ਜਵਾਬ : ਜਗਜ਼ਾਹਿਰ ਹੈ ਕਿ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਧਾਰਮਿਕ ਸ਼ਰਧਾ ਦਾ ਕੇਂਦਰ ਹੈ ਅਤੇ ਲੱਖਾਂ ਲੋਕ ਰੋਜ਼ਾਨਾ ਨਤਮਸਤਕ ਹੋਣ ਪਹੁੰਚਦੇ ਹਨ। ਅਸੀਂ ਚਾਹੁੰਦੇ ਹਾਂ ਕਿ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਅੰਮ੍ਰਿਤਸਰ ਆਉਣ ਵਾਲੇ ਲੋਕ ਪੰਜਾਬ ਵਿਚ ਸਥਿਤ ਹੋਰ ਧਾਰਮਿਕ ਸਥਾਨਾਂ ’ਤੇ ਵੀ ਪਹੁੰਚਣ। ਨਾਲ ਹੀ ਪੰਜਾਬ ਵਿਚ ਮੌਜੂਦ ਸੈਰਸਪਾਟੇ ਵਾਲੀਆਂ ਥਾਂਵਾਂ ਨੂੰ ਵੀ ਜਾਨਣ। ਸਾਡੇ ਰਾਜ ਵਿਚ ਹਰ ਰੰਗ ਮੌਜੂਦ ਹੈ, ਫਿਰ ਚਾਹੇ ਉਹ ਦੇਸਭਗਤੀ ਅਤੇ ਆਜ਼ਾਦੀ ਸੰਘਰਸ਼ ਨਾਲ ਜੁੜੇ ਸ਼ਹੀਦ ਭਗਤ ਸਿੰਘ ਦਾ ਘਰ ਹੋਵੇ, ਜਲਿਆਂਵਾਲਾ ਬਾਗ ਹੋਵੇ, ਹੁਸੈਨੀਵਾਲਾ ਸ਼ਹੀਦੀ ਸਮਾਰਕ ਹੋਵੇ। ਈਕੋ ਟੂਰਿਜ਼ਮ ਦਾ ਵੀ ਬਹੁਤ ਵੱਡਾ ਇਲਾਕਾ ਹੈ ਅਤੇ ਅਸੀਂ ਹਾਲ ਹੀ ਵਿਚ ਵਾਟਰ ਸਪੋਟਰਸ ਪਾਲਿਸੀ ਵੀ ਨੋਟੀਫਾਈ ਕਰ ਦਿੱਤੀ ਹੈ, ਜਿਸਤੋਂ ਬਾਅਦ ਪਠਾਨਕੋਟ ਨੂੰ ਵਾਟਰ ਅਤੇ ਐਡਵੈਂਚਰ ਸਪੋਟਰਸ ਦੇ ਸਥਾਨ ਦੇ ਰੂਪ ਵਿਚ ਤਿਆਰ ਕੀਤਾ ਜਾਵੇਗਾ। ਰੋਪੜ ਅਤੇ ਹੁਸ਼ਿਆਰਪੁਰ ਕਈ ਸਥਾਨਾਂ ਨੂੰ ਈਕੋ ਟੂਰਿਜ਼ਮ, ਵੈਲਨੈੱਸ ਐਂਡ ਹੀਲਿੰਗ ਟੂਰਿਜ਼ਮ ਦੇ ਰੂਪ ਵਿਚ ਵਿਕਸਿਤ ਕਰਨ ਦੀ ਯੋਜਨਾ ਹੈ। ਹੋਰ ਵੀ ਬਹੁਤ ਸੰਭਾਵਾਵਾਂ ਹੈ, ਜਿਨ੍ਹਾਂ ਵਿਚ ਰਾਜ ਵਿਚ ਮੌਜੂਦ ਵੱਖ-ਵੱਖ ਰਿਆਸਤਾਂ ਨਾਲ ਜੁੜੇ ਕਿਲਿਆਂ ਨੂੰ ਨਵੇਂ ਰੂਪ-ਰੰਗ ਵਿਚ ਸੈਲਾਨੀਆਂ ਲਈ ਰਾਜਸਥਾਨ ਦੀ ਤਰਜ ’ਤੇ ਪੇਸ਼ ਕਰਨਾ, ਫ਼ਾਰਮ ਸਟੇ, ਬੈੱਡ ਐਂਡ ਬਰੇਕਫਾਸਟ ਹੋਮ ਸਟੇ, ਟੈਂਟੇਡ ਅਕਮੋਡੇਸ਼ਨ ਅਤੇ ਕੈਂਪਿੰਗ ਸਾਈਟਾਂ ਦੇ ਵਿਕਲਪ ਵੀ ਮੌਜੂਦ ਹਨ। ਅਸੀਂ ਕੁਦਰਤੀ ਸੁੰਦਰਤਾ ਦੀ ਦੇਖਭਾਲ ਕਰਦੇ ਹੋਏ ਰਾਜ ਦੀਆਂ ਨਹਿਰਾਂ, ਡੈਮਾਂ, ਜੰਗਲਾਂ ਅਤੇ ਪਹਾੜਾਂ ਨੂੰ ਸੈਲਾਨੀਆਂ ਲਈ ਖੋਲ੍ਹ ਰਹੇ ਹਾਂ। ਇਨ੍ਹਾਂ ਵੱਖ-ਵੱਖ ਰੰਗਾਂ ਬਾਰੇ ਸਬੰਧਤ ਲੋਕਾਂ ਨੂੰ ਦੱਸਿਆ ਹੈ ਅਤੇ ਇਸਦਾ ਨਤੀਜਾ ਨਿਵੇਸ਼ਕਾਂ ਦੇ ਰੂਪ ਵਿਚ ਟੂਰਿਜ਼ਮ ਸਮਿਟ ਵਿਚ ਤੁਹਾਡੇ ਸਾਹਮਣੇ ਆ ਜਾਵੇਗਾ। ਪੰਜਾਬ ਵਿਚ ਨਿਵੇਸ਼ ਕਰਨ ਵਾਲਾ ਕਦੇ ਨੁਕਸਾਨ ਵਿਚ ਨਹੀਂ ਰਿਹਾ ਹੈ। ਰਾਜ ਵਿਚ ਏਅਰ ਕਨੈਕਟੀਵਿਟੀ ਲਈ ਦੋ ਇੰਟਰਨੈਸ਼ਨਲ ਏਅਰਪੋਰਟ, ਡੋਮੈਸਟਿਕ ਏਅਰਪੋਰਟ, ਦੇਸ ਦੇ ਚੋਣਵੇਂ ਰਾਜਾਂ ਵਿਚ ਸ਼ੁਮਾਰ ਬਿਹਤਰ ਸੜਕ ਅਤੇ ਰੇਲ ਨੈੱਟਵਰਕ ਮੌਜੂਦ ਹੈ। ਸਰਕਾਰ ਦੀ ਪਾਲਿਸੀ ਪੱਧਰ ’ਤੇ ਕੋਈ ਰੁਕਾਵਟ ਨਹੀਂ, ਟਾਈਮ ਬਾਊਂਡ ਐੱਨ. ਓ. ਸੀ. ਸਿਸਟਮ ਹੈ। ਸ਼ਾਂਤੀ ਅਤੇ ਸੁਹਿਰਦ ਮਾਹੌਲ ਹੈ। ਸਭ ਕੁਝ ਟੂਰਿਜ਼ਮ ਇੰਡਸਟਰੀ ਲਈ ਪਲਸ ਪੁਆਇੰਟ ਹਨ।

ਸਵਾਲ : ਫ਼ਿਲਮ ਇੰਡਸਟਰੀ ਲਈ ਵੀ ਪ੍ਰਾਜੈਕਟ ’ਤੇ ਚਰਚਾ ਚੱਲ ਰਹੀ ਹੈ, ਉਸ ’ਤੇ ਵੀ ਕੁਝ ਦੱਸੋ ?
ਜਵਾਬ : ਪੰਜਾਬੀ ਫ਼ਿਲਮ ਇੰਡਸਟਰੀ ਵੀ ਬਹੁਤ ਤੇਜ਼ੀ ਨਾਲ ਵਧਫੁਲ ਰਹੀ ਹੈ ਅਤੇ ਸਾਡੀ ਸਰਕਾਰ ਦੀ ਇਸਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੀ ਯੋਜਨਾ ਹੈ। ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਵੱਡੇ ਨਾਮ ਇਸ ਸਮਿਟ ਵਿਚ ਸ਼ਾਮਿਲ ਹੋਣਗੇ ਅਤੇ ਉਨ੍ਹਾਂ ਨਾਲ ਕੀ ਪ੍ਰਾਜੈਕਟ ਕਰਨ ਜਾ ਰਹੇ ਹਾਂ, ਇਨ੍ਹਾਂ ਦਾ ਖੁਲਾਸਾ ਸਮਿਟ ਵਿਚ ਹੀ ਕੀਤਾ ਜਾਵੇਗਾ।

ਸਵਾਲ : ਟੂਰਿਜ਼ਮ ਸਮਿਟ ਦੇ ਨਾਲ ਹੋਰ ਵੀ ਕੋਈ ਆਯੋਜਨ ਕਰਵਾਏ ਜਾਣਗੇ ?
ਜਵਾਬ : ਸਰਕਾਰ ਦੀ ਯੋਜਨਾ ਹੈ ਕਿ ਪੰਜਾਬ ਦੇ ਰਿਵਾਇਤੀ ਮੇਲਿਆਂ ਨੂੰ ਨਵੇਂ ਰੂਪ ਵਿਚ ਮੁੜਸੁਰਜੀਤ ਕੀਤਾ ਜਾਵੇ। ਸਾਲਭਰ ਅਲੱਗ-ਅਲੱਗ ਦਿਨਾਂ ’ਤੇ ਹੋਣ ਵਾਲੇ ਮੇਲਿਆਂ ਨੂੰ ਅਸੀ ਕੌਮੀ ਪੱਧਰ ’ਤੇ ਲੈ ਕੇ ਜਾਵਾਂਗੇ ਤਾਂਕਿ ਲੋਕ ਕਲਾਵਾਂ ਅਤੇ ਖੇਡਾਂ ਵਿਚ ਰੂਚੀ ਰੱਖਣ ਵਾਲੇ ਲੋਕ ਪੰਜਾਬ ਦੇ ਇਸ ਰੰਗ ਨੂੰ ਵੀ ਵੇਖ ਸਕਣ। ਇਨ੍ਹਾਂ ਮੇਲਿਆਂ ਵਿਚ ਪੇਂਡੂ ਖੇਡਾਂ ਤੋਂ ਲੈ ਕੇ ਸਥਾਨਕ ਕਲਾਕਾਰਾਂ ਦੀ ਹੈਂਡੀਕਰਾਫਟਸ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਪੁਰਾਤਨ ਮੇਲਿਆਂ ਦੇ ਮੁਕਾਬਲੇ ਇਨ੍ਹਾਂ ਮੇਲਿਆਂ ਦੇ ਪ੍ਰਾਰੂਪ ਵਿਚ ਬਦਲਾਅ ਹੋਵੇਗਾ, ਤਾਂਕਿ ਲੋਕ ਖਾਸ ਕਰ ਕੇ ਨੌਜਵਾਨ ਇਨ੍ਹਾਂ ਵਿਚ ਦਿਲਚਸਪੀ ਲੈਣ।

ਇਹ ਵੀ ਪੜ੍ਹੋ : ਮਾਂ-ਪਿਓ ਨੇ ਰੋ-ਰੋ ਸੁਣਾਈ ਨਸ਼ੇੜੀ ਪੁੱਤ ਦੀ ਦਾਸਤਾਨ, ਪੰਜਾਬ ਪੁਲਸ ਦੇ SHO ਨੇ ਕਾਇਮ ਕੀਤੀ ਅਨੋਖੀ ਮਿਸਾਲ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News