ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮੰਗਾਂ ਸਬੰਧੀ ਨਾਅਰੇਬਾਜ਼ੀ

Thursday, Jul 05, 2018 - 01:34 AM (IST)

 ਬਟਾਲਾ,  (ਬੇਰੀ)-  ਅੱਜ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਡੀਪੂ ਬਟਾਲਾ ਵੱਲੋਂ ਸੈਂਟਰ ਬਾਡੀ ਦੇ ਸੱਦੇ ’ਤੇ ਗੇਟ ਰੈਲੀ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਦੇ ਚੇਅਰਮੈਨ ਪਰਮਜੀਤ ਕੋਹਾਡ਼, ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਅਤੇ ਡੀਪੂ ਪ੍ਰਧਾਨ ਪ੍ਰਦੀਪ ਕੁਮਾਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿਛਲੇ ਦਿਨੀਂ ਬੀਤੀ 25 ਜੂਨ ਨੂੰ ਆਪਣੀਆਂ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਪਨਬੱਸ ’ਚ ਠੇਕੇ ’ਤੇ ਰੱਖੇ ਕਰਮਚਾਰੀਆਂ ਨੂੰ ਪ੍ਰਾਇਵੇਟ ਲੇਬਰ ਕਹਿ ਕੇ ਠੇਸ ਪਹੁੰਚਾਈ ਗਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ 12 ਜੁਲਾਈ ਨੂੰ ਪਨਬੱਸ ਦੇ ਸਾਰੇ ਵਰਕਰ ਪੰਜਾਬ ਦੇ 18 ਡੀਪੂਆਂ ਦੇ ਗੇਟਾਂ ’ਤੇ ਗੇਟ ਰੈਲੀਆਂ ਕਰਨਗੇ ਜਦਕਿ 16 ਜੁਲਾਈ ਨੂੰ ਤਿੰਨ ਦਿਨਾਂ ਹਡ਼ਤਾਲ ਕਰਦਿਆਂ ਬੱਸਾਂ ਦਾ ਚੱਕਾ ਜਾਮ ਤੇ ਸਾਰੇ ਬੱਸ ਸਟੈਂਡ ਬੰਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਗਲੀ 17 ਜੁਲਾਈ ਨੂੰ ਪਨਬੱਸ ਦੇ ਸਾਰੇ ਵਰਕਰ ਤੇ ਭਰਾਤਰੀ ਜਥੇਬੰਦੀਆਂ ਦੇ ਸਾਥੀਆਂ ਸਮੇਤ ਟਰਾਂਸਪੋਰਟ ਮੰਤਰੀ ਦੇ ਹਲਕੇ ਦੀਨਾਨਗਰ ’ਚ ਸਾਰੇ ਵਰਕਰ ਵਿਸ਼ਾਲ ਰੋਸ ਰੈਲੀ ਕਰ ਕੇ ਟਰਾਂਸਪੋਰਟ ਮੰਤਰੀ ਦੇ ਪੁਤਲੇ ਫੁਕਣਗੇ ਤੇ 18 ਜੁਲਾਈ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਮੇਨ ਚੌਕ 2 ਘੰਟਿਆਂ ਲਈ ਜਾਮ ਕੀਤੀ ਜਾਣਗੇ। ਚੇਅਰਮੈਨ ਕੋਹਾਡ਼ਾ ਅਤੇ ਜਨਰਲ ਸਕੱਤਰ ਗਿੱਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਧੱਕੇਸ਼ਾਹੀ ਕੀਤੀ ਜਾਂ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਅਣਮਿੱਥੇ ਸਮੇਂ ਲਈ ਹਡ਼ਤਾਲ ਕੀਤੀ ਜਾਵੇਗੀ। ਇਸ  ਸਮੇਂ  ਡੀਪੂ ਚੇਅਰਮੈਨ ਰੁਪਿੰਦਰ ਗੋਰਾਇਆ, ਪ੍ਰਧਾਨ  ਰਛਪਾਲ ਸਿੰਘ, ਮੀਤ ਪ੍ਰਧਾਨ ਪਰਮਿੰਦਰ ਭੰਡਾਲ, ਸਕੱਤਰ ਜਗਦੀਪ ਬਾਜਵਾ, ਖਜ਼ਾਨਚੀ ਜਗਰੂਪ  ਸਿੰਘ, ਪ੍ਰਧਾਨ ਅਵਤਾਰ ਸਿੰਘ, ਟਹਿਲ ਸਿੰਘ, ਸੁਰਿੰਦਰ ਸਿੰਘ, ਰੁਪਿੰਦਰ ਸਿੰਘ  ਆਦਿ  ਹਾਜ਼ਰ  ਸਨ। 
 


Related News