ਪੰਜਾਬ ਸਰਕਾਰ ਦਾ ਪੇਂਡੂ ਖੇਤਰਾਂ ਲਈ ਅਹਿਮ ਐਲਾਨ, ਲੱਖਾਂ ਲੋਕਾਂ ਨੂੰ ਮਿਲੇਗਾ ਫਾਇਦਾ

01/08/2021 3:34:30 PM

ਚੰਡੀਗੜ੍ਹ : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਇਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸਾਰੇ 35 ਲੱਖ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਾ ਟੀਚਾ ਮਾਰਚ-2022 ਤੱਕ ਪੂਰਾ ਕਰ ਲਿਆ ਜਾਵੇਗਾ। ਇਹ ਟੀਚਾ ਜਲ ਜੀਵਨ ਮਿਸ਼ਨ ਤਹਿਤ ਪੂਰਾ ਕੀਤਾ ਜਾਵੇਗਾ। ਇੱਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਦਸੰਬਰ-2020 ਤੱਕ 66 ਫ਼ੀਸਦੀ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ ਅਤੇ ਅਗਲੇ ਸਾਲ ਮਾਰਚ ਮਹੀਨੇ ਤੱਕ ਇਹ ਦਰ 100 ਫ਼ੀਸਦੀ ਕਰ ਦਿੱਤੀ ਜਾਵੇਗੀ। ਸਾਲ-2020 'ਚ 6 ਲੱਖ ਕੁਨੈਕਸ਼ਨ ਦਿੱਤੇ ਗਏ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਦਾ ਕਾਰਨਾਮਾ, ਕਿਸਾਨਾਂ ਨੂੰ ਮਦਦ ਭੇਜਣ ਲਈ ਲਾਏ ਟੈਂਟ ਪੁਟਵਾਏ (ਵੀਡੀਓ)

ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਔਖੀ ਘੜੀ ਦੇ ਬਾਵਜੂਦ ਸਾਲ-2020 ਦੌਰਾਨ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਐਸ. ਏ. ਐਸ. ਨਗਰ, ਐਸ. ਬੀ. ਐਸ. ਨਗਰ ਅਤੇ ਰੂਪਨਗਰ 'ਚ 100 ਫ਼ੀਸਦੀ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਹੂਲਤ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 14 ਬਲਾਕਾਂ ਅਤੇ 4608 ਪਿੰਡਾਂ 'ਚ ਵੀ 100 ਫ਼ੀਸਦੀ ਪਾਈਪ ਰਾਹੀਂ ਪਾਣੀ ਦਾ ਟੀਚਾ ਪੂਰਾ ਹੋ ਚੁੱਕਾ ਹੈ। ਇਕ ਅਹਿਮ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰੀ ਪੇਂਡੂ ਸਕੂਲਾਂ 'ਚ ਪਾਈਪ ਰਾਹੀ ਪਾਣੀ ਦੀ ਸਪਲਾਈ ਸਿੱਖਿਆ ਮਹਿਕਮੇ ਦੀ ਸਹਾਇਤਾ ਨਾਲ ਮੁਹੱਈਆ ਕਰਵਾ ਕੇ ਪੰਜਾਬ ਨੇ ਦੇਸ਼ ਭਰ 'ਚ ਸਭ ਤੋਂ ਪਹਿਲਾਂ ਇਹ ਮੁਕਾਮ ਹਾਸਲ ਕੀਤਾ ਹੈ। ਇਸ ਤੋ ਇਲਾਵਾ ਇਨ੍ਹਾਂ ਸਕੂਲਾਂ 'ਚ ਪਖਾਨਿਆਂ ਦੀ ਘਾਟ ਪੂਰੀ ਕਰਨ ਲਈ ਜਲ ਸਪਲਾਈ ਮਹਿਕਮੇ ਵਲੋਂ 11 ਕਰੋੜ ਰੁਪਏ ਦੀ ਰਾਸ਼ੀ ਸਿੱਖਿਆ ਮਹਿਕਮੇ ਨੂੰ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਬੀਮਾਰੀ ਦਰਮਿਆਨ 'ਸ਼ਰਾਬ' ਦੀ ਵਿਕਰੀ 15 ਫ਼ੀਸਦੀ ਵਧੀ
ਪਾਣੀ ਦੀ ਕੁਆਲਿਟੀ ਨਾਲ ਸਬੰਧਿਤ ਉਪਰਾਲੇ
ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਜਿੱਥੇ ਕਿਤੇ ਪਾਣੀ ਦੇ ਦੂਸ਼ਿਤ ਹੋਣ ਦੀ ਰਿਪੋਰਟ ਪ੍ਰਾਪਤ ਹੁੰਦੀ ਹੈ, ਉੱਥੇ ਲੋਕਾਂ ਨੂੰ ਵਾਟਰ ਟਰੀਟਮੈਂਟ ਪਲਾਂਟਾਂ ਰਾਹੀ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਮੋਗਾ, ਪਟਿਆਲਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਅਜਿਹੇ 11 ਪ੍ਰਾਜੈਕਟ ਚੱਲ ਰਹੇ ਹਨ। ਇਨਾਂ ਪ੍ਰਾਜੈਕਟਾਂ ਰਾਹੀਂ 1103 ਪਿੰਡਾਂ ਲਈ 1249 ਕਰੋੜ ਰੁਪਏ ਦੀ ਲਾਗਤ ਨਾਲ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਜੋ ਪਿੰਡ ਨਹਿਰੀ ਪਾਣੀ ਨਾਲ ਕਵਰ ਨਹੀਂ ਕੀਤੇ ਜਾ ਸਕਦੇ, ਉਨ੍ਹਾਂ ਨੂੰ ਸ਼ੁੱਧ ਪਾਣੀ ਮੁਹੱਈਆਂ ਕਰਵਾਉਣ ਲਈ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਪਟਿਆਲਾ, ਜਲੰਧਰ, ਕਪੂਰਥਲਾ, ਲੁਧਿਆਣਾ, ਐਸ. ਬੀ. ਐਸ. ਨਗਰ ਅਤੇ ਗੁਰਦਾਸਪੁਰ ਦੇ ਪਿੰਡਾਂ ਨੂੰ ਆਰਸੈਨਿਕ ਅਤੇ ਆਇਰਨ ਰਿਮੂਵਲ ਪਲਾਂਟਾਂ/ਇੰਨਡਿਊਜਲ ਹਾਊਸ ਹੋਲਡ ਯੂਨਿਟ/ਆਰ. ਓ ਪਲਾਟਾਂ ਨਾਲ ਕਵਰ ਕੀਤਾ ਜਾ ਰਿਹਾਂ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਲਗਭਗ 80 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਗੁਣਵੱਤਾ ਨੂੰ ਟੈਸਟ ਕਰਨ ਲਈ ਸਟੇਟ ਪੱਧਰ ‘ਤੇ ਹਾਈਟੈੱਕ ਲੈਬਾਰਟਰੀ ਐਸ. ਏ. ਐਸ. ਨਗਰ ਵਿਖੇ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਫਰਵਰੀ ਦੇ ਤੀਜੇ ਹਫ਼ਤੇ 'ਨਗਰ ਕੌਂਸਲ' ਚੋਣਾਂ ਕਰਵਾਉਣ ਦਾ ਫ਼ੈਸਲਾ
2021 'ਚ ਸ਼ੁਰੂ ਕੀਤੇ ਜਾਣ ਵਾਲੇ ਹੋਰ ਅਹਿਮ ਕੰਮ 
ਮੰਤਰੀ ਨੇ ਦੱਸਿਆ ਕਿ ਨਹਿਰੀ ਪਾਣੀ ‘ਤੇ ਆਧਾਰਿਤ 4 ਪ੍ਰਾਜੈਕਟ ਫਾਜ਼ਲਿਕਾ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ 'ਚ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ 610 ਪਿੰਡਾਂ ਨੂੰ ਲਾਭ ਪੁੱਜੇਗਾ। ਪ੍ਰਾਜੈਕਟਾਂ ਦੀ ਕੁੱਲ ਲਾਗਤ 1249 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ‘ਤੇ ਆਧਾਰਿਤ ਪ੍ਰਾਜੈਕਟਾਂ ਤੋਂ ਇਲਾਵਾ ਸੂਬੇ ‘ਚ 190 ਕਰੋੜ ਰੁਪਏ ਦੀ ਲਾਗਤ ਵਾਲੀਆਂ 586 ਸਕੀਮਾਂ ਦੇ ਕੰਮ ਅਲਾਟ ਕੀਤੇ ਗਏ ਹਨ, ਜੋ ਕਿ ਇਸ ਸਾਲ 'ਚ ਮੁੰਕਮਲ ਕਰ ਲਏ ਜਾਣਗੇ। ਇਸ ਤੋਂ ਇਲਾਵਾ 317 ਕਰੋੜ ਰੁਪਏ ਦੀ ਲਾਗਤ ਨਾਲ 1192 ਸਕੀਮਾਂ ਪ੍ਰਵਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਸਕੀਮਾਂ ਦੇ ਕੰਮ ਵੀ ਇਸੇ ਸਾਲ ਮੁਕੰਮਲ ਹੋ ਜਾਣ ਦੀ ਤਜਵੀਜ਼ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News