ਜਲ ਸਰੋਤ ਕਾਮੇ ਹੜਤਾਲ ''ਤੇ ਡਟੇ
Thursday, Mar 15, 2018 - 01:17 AM (IST)

ਨੂਰਪੁਰਬੇਦੀ, (ਭੰਡਾਰੀ)- ਪੰਜਾਬ ਜਲ ਸਰੋਤ ਸਬ-ਡਵੀਜ਼ਨ ਨੂਰਪੁਰਬੇਦੀ ਦੇ ਸਮੁੱਚੇ ਦਫ਼ਤਰੀ ਤੇ ਫੀਲਡ ਮੁਲਾਜ਼ਮਾਂ ਵੱਲੋਂ ਬੀਤੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਆਰੰਭੀ ਪੈੱਨ ਡਾਊਨ ਤੇ ਟੂਲ ਡਾਊਨ ਹੜਤਾਲ ਦੇ ਅੱਜ 8ਵੇਂ ਦਿਨ ਕਰਮਚਾਰੀਆਂ ਨੇ ਰੋਸ ਭਰਪੂਰ ਧਰਨਾ ਦਿੱਤਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਧਰਨੇ ਦੌਰਾਨ ਸਮੂਹ ਮੁਲਾਜ਼ਮਾਂ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਮੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਮੁਲਾਜ਼ਮਾਂ ਨੂੰ 2-2 ਮਹੀਨਿਆਂ ਦੀ ਤਨਖਾਹ ਨਾ ਦੇ ਕੇ ਉਨ੍ਹਾਂ ਨੂੰ ਆਰਥਕ ਪੱਖੋਂ ਤੰਗ ਕੀਤਾ ਜਾ ਰਿਹਾ ਹੈ, ਜਦਕਿ ਦੂਸਰੇ ਪਾਸੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰ ਕੇ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ। ਜਲ ਸਰੋਤ ਕਾਮਿਆਂ ਨੂੰ ਅਜੇ ਤੱਕ ਜਨਵਰੀ ਤੇ ਫਰਵਰੀ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਗਈ ਹੈ ਜਿਸ ਕਰ ਕੇ ਉਹ ਆਰਥਕ ਤੰਗੀ 'ਚੋਂ ਗੁਜ਼ਰ ਰਹੇ ਹਨ ਪਰ ਇਸ ਦੀ ਕਿਸੇ ਵੀ ਲੋਕ ਤੇ ਸਰਕਾਰੀ ਨੁਮਾਇੰਦੇ ਨੂੰ ਪ੍ਰਵਾਹ ਨਹੀਂ ਹੈ।
ਹੁਣ ਮੁਲਾਜ਼ਮ ਚੁੱਪ ਕਰ ਕੇ ਨਹੀਂ ਬੈਠਣਗੇ ਤੇ 15 ਮਾਰਚ ਨੂੰ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਸੂਬੇ ਦੇ ਸਮੁੱਚੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਵਿਸ਼ਾਲ ਧਰਨਾ ਦੇਣਗੇ ਤੇ ਪੰਜਾਬ ਦੀਆਂ ਸਮੁੱਚੀਆਂ ਡਵੀਜ਼ਨਾਂ 'ਤੇ ਅਰਥੀ ਫੂਕ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਸਕੱਤਰ ਰਾਜਨ ਸ਼ਰਮਾ, ਮੀਤ ਪ੍ਰਧਾਨ ਮੰਗਲ ਸਿੰਘ, ਜਗਤਾਰ ਸਿੰਘ, ਪ੍ਰਸ਼ੋਤਮ ਲਾਲ, ਪਵਨ ਕੁਮਾਰ, ਰਜਿੰਦਰ ਕੁਮਾਰ, ਬਲਵੀਰ ਸਿੰਘ, ਸੁਰਿੰਦਰ ਸਿੰਘ, ਕਮਲ, ਰਾਮ ਚੰਦ, ਰੌਸ਼ਨ ਲਾਲ ਤੇ ਮੋਹਣ ਸਿੰਘ ਸੈਣੀਮਾਜਰਾ ਆਦਿ ਨੇ ਵੀ ਸੰਬੋਧਨ ਕੀਤਾ।