ਹਰਦਿਆਲ ਨਗਰ ਦੇ ਵਾਸੀ ਪਾਣੀ ਨੂੰ ਤਰਸੇ
Tuesday, Nov 14, 2017 - 08:01 AM (IST)

ਜੈਤੋ (ਜਿੰਦਲ) - ਰੇਲਵੇ ਲਾਈਨੋਂ ਪਾਰ ਵਸੇ ਹੋਏ ਹਰਦਿਆਲ ਨਗਰ ਦੀ ਸਥਿਤੀ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਇਸ ਨਗਰ ਦੇ ਲੋਕ ਲਗਭਗ ਸਾਰੀਆਂ ਹੀ ਆਧੁਨਿਕ ਸਹੂਲਤਾਂ ਤੋਂ ਵਾਂਝੇ ਹਨ। ਇਸ ਬਸਤੀ 'ਚ ਅਜੇ ਤੱਕ ਸੀਵਰੇਜ ਦੀ ਪਾਈਪ ਵੀ ਨਹੀਂ ਵਿਛਾਈ ਗਈ ਤੇ ਨਾਲੀਆਂ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ। ਹੁਣ ਪਿਛਲੇ 10 ਦਿਨਾਂ ਤੋਂ ਇਸ ਬਸਤੀ ਦੇ ਲੋਕ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਗਏ ਹਨ। ਇਸ ਬਸਤੀ ਦੀਆਂ ਕੁਝ ਔਰਤਾਂ ਪਾਣੀ ਦੀ ਸਪਲਾਈ ਠੀਕ ਕਰਵਾਉਣ ਲਈ ਨਗਰ ਕੌਂਸਲ ਜੈਤੋ ਦੇ ਦਫ਼ਤਰ ਗਈਆਂ ਤਾਂ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਤੱਕ ਨਹੀਂ ਸੁਣੀ। ਮਜਬੂਰਨ ਇਸ ਬਸਤੀ ਦੀ ਗਲੀ ਨੰਬਰ 4 ਦੀਆਂ ਔਰਤਾਂ ਨੂੰ ਦੂਰ-ਦੁਰਾਡੇ ਲੱਗੇ ਹੋਏ ਹੈਂਡ ਪੰਪਾਂ ਤੋਂ ਪਾਣੀ ਲਿਆਉਣਾ ਪੈਂਦਾ ਹੈ। ਇਸ ਬਸਤੀ ਦੀਆਂ ਔਰਤਾਂ ਜਿਉਣੀ ਦੇਵੀ, ਰਾਮ ਕੌਰ, ਸਰਬਤੀ ਦੇਵੀ, ਰਾਜ ਦੇਵੀ ਤੇ ਮਾਲਾ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਬੇਹੱਦ ਦੁਖੀ ਹਨ। ਉਨ੍ਹਾਂ ਨੂੰ ਪੀਣ ਲਈ ਵੀ ਪਾਣੀ ਨਹੀਂ ਮਿਲ ਰਿਹਾ। ਬਸਤੀ ਦਾ ਵੀ ਬੁਰਾ ਹਾਲ ਹੋਣ ਕਾਰਨ ਉਹ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਹੀ ਇਥੋਂ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਉਹ ਮਜਬੂਰਨ ਸੰਘਰਸ਼ ਦਾ ਰਾਹ ਅਪਣਾ ਲੈਣਗੇ।