ਸਭ ਤੋਂ ਜ਼ਿਆਦਾ 'ਪਾਣੀ' ਬਰਬਾਦ ਕਰ ਰਿਹੈ ਪੰਜਾਬ
Friday, Nov 09, 2018 - 03:13 PM (IST)
ਚੰਡੀਗੜ੍ਹ : ਪਾਣੀ ਬਰਬਾਦ ਕਰਨ ਦੇ ਮਾਮਲੇ 'ਚ ਪੰਜਾਬ ਦੇਸ਼ 'ਚੋਂ ਸਭ ਤੋਂ ਮੋਹਰੀ ਹੈ। ਜੇਕਰ ਹਾਲ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਇਹ ਸੂਬਾ ਬਹੁਤ ਵੱਡੇ ਜਲ ਸੰਕਟ ਦੀ ਲਪੇਟ 'ਚ ਆ ਜਾਵੇਗਾ। ਇਹ ਖੁਲਾਸਾ ਭੂ-ਗਰਭ ਜਲ ਬੋਰਡ ਦੇ ਹਾਲੀਆ ਸਰਵੇ 'ਚ ਹੋਇਆ ਹੈ। ਬੋਰਡ ਨੇ ਪੰਜਾਬ 'ਚ 300 ਮੀਟਰ ਡੂੰਘਾਈ ਤੱਕ ਜਲ ਦਾ ਸਰਵੇਖਣ ਕਰਾਇਆ ਹੈ। ਸਰਵੇਖਣ 'ਚ ਪਾਇਆ ਗਿਆ ਹੈ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਨੇ ਪਾਣੀ ਦੇ ਮਾਮਲੇ 'ਚ ਦੇਸ਼ ਦੇ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲਿਆਂ 'ਚ ਪਾਣੀ ਦੀ ਬਰਬਾਦੀ ਇੱਕੋ ਜਿਹੀ ਹੋ ਰਹੀ ਹੈ।
ਆਂਕੜਿਆਂ ਮੁਤਾਬਕ ਪੰਜਾਬ 'ਚ ਕਰੀਬ 80 ਫੀਸਦੀ ਪਾਣੀ ਜ਼ਮੀਨ ਦੇ ਹੇਠੋਂ ਅਤੇ 20 ਫੀਸਦੀ ਨਦੀਆਂ ਜਾਂ ਫਿਰ ਨਾਲਿਆਂ ਤੋਂ ਨਿਕਲ ਕੇ ਖੇਤੀ ਦੇ ਕੰਮਾਂ 'ਚ ਇਸਤੇਮਾਲਕੀਤਾ ਜਾ ਰਿਹਾ ਹੈ। ਪੰਜਾਬ 'ਚ ਇਸ ਸਮੇਂ 14.1 ਲੱਖ ਟਿਊਬਵੈੱਲ ਹਨ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਸਾਲ 2005 'ਚ ਔਸਤਨ ਭੂ-ਗਰਭ ਪਾਣੀ ਦਾ ਪੱਧਰ 34 ਮੀਟਰ ਸੀ, ਜੋ ਕਿ ਹੁਣ 10 ਮੀਟਰ ਹੇਠਾਂ ਜਾ ਕੇ 42 ਮੀਟਰ ਹੋ ਗਿਆ। ਹਰ ਸਾਲ ਸ਼ਹਿਰ ਦਾ ਪਾਣੀ ਦਾ ਪੱਧਰ 1.5 ਮੀਟਰ ਹੇਠਾਂ ਖਿਸਕ ਰਿਹਾ ਹੈ।
