ਪੰਜਾਬ ''ਚ 300 ਫੁੱਟ ਹੇਠਾਂ ਪੁੱਜਾ ਪਾਣੀ ਦਾ ਪੱਧਰ, ਸੁਪਰੀਮ ਕੋਰਟ ਪੁੱਜਾ ਮਾਮਲਾ

11/09/2019 8:43:36 AM

ਚੰਡੀਗੜ੍ਹ (ਹਾਂਡਾ) : ਪਰਾਲੀ ਸਾੜਨ ਦੇ ਕਾਰਨ ਜ਼ੀਰੀ ਦੀ ਫਸਲ ਬੀਜਦੇ ਸਮੇਂ ਕਾਫੀ ਮਾਤਰਾ 'ਚ ਪਾਣੀ ਦਾ ਇਸਤੇਮਾਲ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੱਲ ਰਿਹਾ ਇਹ ਮਾਮਲਾ ਸੁਣਵਾਈ ਲਈ ਸੁਪਰੀਮ ਕੋਰਟ ਭੇਜ ਦਿੱਤਾ ਗਿਆ ਹੈ, ਜਿੱਥੇ ਪਰਾਲੀ ਦੇ ਨਾਲ ਹੀ ਇਸ ਮਾਮਲੇ ਦੀ ਵੀ ਸੁਣਵਾਈ ਹੋਵੇਗੀ।
ਪਰਾਲੀ ਸਾੜਨ ਦੇ ਮਾਮਲੇ 'ਚ ਸੁਪਰੀਮ ਕੋਰਟ ਦੀ 4 ਨਵੰਬਰ ਤੱਕ ਕਿਸਾਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਸੀ। ਵਕੀਲ ਚਰਨਪਾਲ ਸਿੰਘ ਬਾਗੜੀ ਨੇ 6 ਨਵੰਬਰ ਨੂੰ ਕਿਸਾਨਾਂ ਦੀ ਦਸ਼ਾ ਅਤੇ ਮਜ਼ਬੂਰੀ ਨੂੰ ਅਦਾਲਤ ਅੱਗੇ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਵਲੋਂ ਕਿਸਾਨਾਂ ਦਾ ਪੱਖ ਸੁਣਿਆ ਜਾ ਰਿਹਾ ਹੈ। ਪਰਾਲੀ ਸਾੜਨ ਤੇ ਇਸ ਤੋਂ ਬਾਅਦ ਜ਼ੀਰੀ ਦੀ ਬਿਜਾਈ ਨੂੰ ਲੈ ਕੇ ਕਾਫੀ ਮਾਤਰਾ 'ਚ ਪੀਣ ਵਾਲੇ ਪਾਣੀ ਦਾ ਇਸਤੇਮਾਲ ਹੁੰਦਾ ਹੈ ਪਰ ਉਹ ਵਾਪਸ ਜ਼ਮੀਨ ਦੇ ਹੇਠਾਂ ਨਹੀਂ ਜਾ ਰਿਹਾ।

ਐਡਵੋਕੇਟ ਬਾਗੜੀ ਨੇ ਅਦਾਲਤ 'ਚ ਕਿਸਾਨਾਂ ਦਾ ਪੱਖ ਰੱਖਦੇ ਹੋਏ ਦੱਸਿਆ ਕਿ ਮੱਧ ਅਤੇ ਛੋਟੇ ਵਰਗ ਦੇ ਕਿਸਾਨਾਂ ਕੋਲ ਟਰੈਕਟਰ ਤੱਕ ਨਹੀਂ ਹਨ, ਇਸ ਲਈ ਉਹ ਪਰਾਲੀ ਨੂੰ ਟਿਕਾਣੇ ਲਾਉਣ ਲਈ ਮਸ਼ੀਨਰੀ ਕਿੱਥੋਂ ਖਰੀਦ ਸਕਦਾ ਹੈ। ਬਾਗੜੀ ਦਾ ਤਰਕ ਸੀ ਕਿ ਪਹਿਲਾਂ ਕਿਸਾਨਾਂ ਨੂੰ ਬਦਲ ਤੇ ਸਹੂਲਤਾਵਾਂ ਦਿੱਤੀਆਂ ਜਾਣ ਅਤੇ ਉਸ ਤੋਂ ਬਾਅਦ ਜੇਕਰ ਕਿਸਾਨ ਨਿਯਮ ਨਹੀਂ ਮੰਨਦਾ ਤਾਂ ਕਾਰਵਾਈ ਹੋਵੇ। ਉਨ੍ਹਾਂ ਦਾ ਕਹਿਣਾ ਸੀ ਕਿ ਡਿਗਦੇ ਪਾਣੀ ਦੇ ਪੱਧਰ ਕਾਰਨ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ 'ਚ ਪਾਣੀ ਲਈ ਤਰਸਣਾ ਪਵੇਗਾ ਕਿਉਂਕਿ ਪਾਣੀ ਦਾ ਪੱਧਰ 300 ਫੁੱਟ ਤੱਕ ਪੁੱਜ ਗਿਆ ਹੈ, ਜੋ ਕਿ 20 ਸਾਲ ਪਹਿਲਾਂ ਸਿਰਫ 20 ਤੋਂ 30 ਫੁੱਟ ਸੀ। ਫਿਲਹਾਲ ਹੁਣ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ 'ਚ ਹੋਵੇਗੀ।
 


Babita

Content Editor

Related News