ਭਾਰੂ-ਗਿੱਦਡ਼ਬਾਹਾ ਰਜਬਾਹੇ ’ਚ ਪਿਆ ਪਾਡ਼
Friday, Jun 15, 2018 - 07:48 AM (IST)

ਗਿੱਦਡ਼ਬਾਹਾ (ਕੁਲਭੂਸ਼ਨ) - ਅੱਜ ਸਵੇਰੇ ਗਿੱਦਡ਼ਬਾਹਾ ਦੇ ਸ਼ਮਸ਼ਾਨਘਾਟ ਨੇਡ਼ਿਓਂ ਲੰਘਦੇ ਰਜਬਾਹੇ ’ਚ ਪਾਡ਼ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ ਕਰੀਬ 6 ਏਕਡ਼ ਨਰਮੇ ਦੀ ਫਸਲ ਨੁਕਸਾਨੀ ਗਈ ਅਤੇ ਰਜਬਾਹੇ ਦਾ ਪਾਣੀ ਘਰਾਂ ਦੇ ਬਾਹਰ ਖੜ੍ਹਾ ਹੋ ਗਿਆ ਪਰ ਘਰਾਂ ਦੇ ਉੱਚੇ ਹੋਣ ਕਾਰਨ ਸਾਮਾਨ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ। ਇਸ ਸਬੰਧੀ ਕਿਸਾਨਾਂ ਜਗਦੇਵ ਸਿੰਘ, ਲਛਮਣ ਸਿੰਘ, ਅੰਗਰੇਜ ਸਿੰਘ, ਗੁਰਲਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਜਬਾਹੇ ’ਚ ਪਾੜ ਪੈਣ ਕਾਰਨ 6 ਏਕਡ਼ ਨਰਮੇ ਦੇ ਖੇਤਾਂ ’ਚ ਪਾਣੀ ਭਰ ਗਿਆ ਅਤੇ ਕਰੀਬ ਦਰਜਨ ਤੋਂ ਵੱਧ ਘਰਾਂ ਨੂੰ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਉਕਤ ਭਾਰੂ-ਗਿੱਦਡ਼ਬਾਹਾ ਰਜਬਾਹੇ ’ਚ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਅਤੇ ਰਜਬਾਹਾ ਕਾਫੀ ਪੁਰਾਣਾ ਬਣਿਆ ਹੋਣ ਕਰ ਕੇ ਅੱਜ ਉਕਤ ਰਜਬਾਹੇ ਵਿਚ ਕਰੀਬ 20-25 ਫੁੱਟ ਚੌਡ਼ਾ ਪਾਡ਼ ਪੈ ਗਿਆ। ਇਸ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਵੱਲੋਂ ਰਜਬਾਹੇ ’ਚ ਸੁੱਟਿਅਾ ਜਾਂਦਾ ਪੂਜਾ-ਪਾਠ, ਹਵਨ ਆਦਿ ਤੋਂ ਬਚਿਆ ਸਾਮਾਨ ਰਜਬਾਹੇ ਵਿਚ ਵਾਟਰ ਵਰਕਸ, ਗਿੱਦਡ਼ਬਾਹਾ ਲਈ ਲੱਗੀ ਲੋਹੇ ਦੀ ਜਾਲੀ ਵਿਚ ਫਸ ਜਾਂਦਾ ਹੈ ਅਤੇ ਪਾਣੀ ਨੂੰ ਬੰਨ੍ਹ ਲੱਗ ਜਾਂਦਾ ਹੈ ਅਤੇ ਇੱਥੇ ਪਾਣੀ ਓਵਰਫਲੋਅ ਹੁੰਦਾ ਰਹਿੰਦਾ ਹੈ। ਇਹ ਵੀ ਅੱਜ ਰਜਬਾਹੇ ’ਚ ਪਾੜ ਪੈਣ ਦਾ ਕਾਰਨ ਹੈ। ਉਨ੍ਹਾਂ ਮੰਗ ਕੀਤੀ ਕਿ ਨਿਹਾਲ ਦੇ ਢਾਬੇ ਤੋਂ ਲੈ ਕੇ ਵਾਟਰ ਵਰਕਸ ਗਿੱਦਡ਼ਬਾਹਾ ਤੱਕ ਉਕਤ ਰਜਬਾਹੇ ਨੂੰ ਪਾਈਪਾਂ ਪਾ ਕੇ ਜ਼ਮੀਨਦੋਜ਼ ਕੀਤਾ ਜਾਵੇ ਤਾਂ ਜੋ ਇਸ ’ਚ ਪਾੜ ਪੈਣ ਤੋਂ ਬਚਾਅ ਹੋਣ ਦੇ ਨਾਲ ਕਿਸਾਨਾਂ ਅਤੇ ਆਸ-ਪਾਸ ਦੇ ਘਰਾਂ ਨੂੰ ਪਾਣੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਦੂਜੇ ਪਾਸੇ ਮੌਕੇ ’ਤੇ ਪੁੱਜੇ ਸਿੰਚਾਈ ਵਿਭਾਗ ਦੇ ਜੇ. ਈ. ਸਾਹਿਲ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਵਿਭਾਗ ਵੱਲੋਂ ਗੋਨਿਆਣਾ ਮੰਡੀ ਦੇ ਨਜ਼ਦੀਕ ਰੇਲਵੇ ਸਾਈਫਨ ਦੀ ਸਫਾਈ ਕਰਵਾਈ ਗਈ ਸੀ, ਜਿਸ ਕਾਰਨ ਵੱਡੀ ਮਾਤਰਾ ਵਿਚ ਕੂਡ਼ਾ ਰਜਬਾਹਿਆਂ ਵਿਚ ਚਲਾ ਗਿਆ ਅਤੇ ਉਕਤ ਭਾਰੂ-ਗਿੱਦਡ਼ਬਾਹਾ ਰਜਬਾਹੇ ਵਿਚ ਵੀ ਉਕਤ ਕੂਡ਼ਾ ਆਉਣ ਕਾਰਨ ਅਤੇ ਵਾਟਰ ਵਰਕਸ ਨੂੰ ਜਾਂਦੇ ਪਾਣੀ ਲਈ ਲਾਈ ਲੋਹੇ ਦੀ ਜਾਲੀ ਵਿਚ ਕੂਡ਼ਾ ਫਸਣ ਕਾਰਨ ਇਸ ਰਜਬਾਹੇ ’ਚ ਪਾੜ ਪੈ ਗਿਆ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬੁਰਜੀ ਨੰ. 120 ਤੱਕ ਉਕਤ ਰਜਬਾਹੇ ਦਾ ਦੁਬਾਰਾ ਨਿਰਮਾਣ ਕਰ ਦਿੱਤਾ ਗਿਆ ਸੀ ਅਤੇ ਬੁਰਜੀ ਨੰ. 120 ਤੋਂ 134 ਤੱਕ ਰਜਬਾਹਾ ਕਾਫੀ ਪੁਰਾਣਾ ਬਣਿਆ ਹੋਇਆ ਹੈ ਅਤੇ ਇਸ ਦੀ ਹਾਲਤ ਕਾਫੀ ਖਸਤਾ ਹੈ ਅਤੇ ਇੱਥੋਂ ਤੱਕ ਰਜਬਾਹੇ ਨੂੰ ਨਵਾਂ ਬਣਾਉਣ ਦੀ ਜ਼ਰੂਰਤ ਹੈ। ਰਜਬਾਹੇ ਦੀ ਸਫਾਈ ਸਬੰਧੀ ਉਨ੍ਹਾਂ ਕਿਹਾ ਕਿ ਵਿਭਾਗ ਦੇ ਬੇਲਦਾਰਾਂ ਵੱਲੋਂ ਸਮੇਂ-ਸਮੇਂ ’ਤੇ ਰਜਬਾਹੇ ਦੀ ਸਫਾਈ ਕੀਤੀ ਜਾਂਦੀ ਹੈ ਅਤੇ ਜਿੱਥੋਂ ਤੱਕ ਅੱਜ ਪਏ ਪਾਡ਼ ਨੂੰ ਪੂਰਨ ਦਾ ਕੰਮ ਹੈ, ਇਸ ਲਈ ਮਿੱਟੀ ਮੰਗਵਾਈ ਗਈ ਹੈ ਅਤੇ ਜਲਦ ਹੀ ਪਾਡ਼ ਨੂੰ ਭਰ ਦਿੱਤਾ ਜਾਵੇਗਾ।