ਗੰਭੀਰ ਰੂਪ ਧਾਰਨ ਕਰਨ ਲੱਗਾ ਪਾਣੀ ਦੀ ਨਿਕਾਸੀ ਦਾ ਮਾਮਲਾ

Tuesday, Jan 30, 2018 - 07:56 AM (IST)

ਗੰਭੀਰ ਰੂਪ ਧਾਰਨ ਕਰਨ ਲੱਗਾ ਪਾਣੀ ਦੀ ਨਿਕਾਸੀ ਦਾ ਮਾਮਲਾ

ਸੁਰਸਿੰਘ,   (ਗੁਰਪ੍ਰੀਤ ਢਿੱਲੋਂ)-  ਸਥਾਨਕ ਨੰਗਲ ਕੀ ਪੱਤੀ ਦੇ ਨਿਕਾਸੀ ਨਾਲੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਗੰਭੀਰ ਰੂਪ ਧਾਰਨ ਕਰਨ ਲੱਗਾ ਹੈ। ਇਸ ਮਾਮਲੇ ਨਾਲ ਜੁੜੇ ਇਕ ਪੱਖ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਦੀ ਪਾਣੀ ਨਿਕਾਸੀ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ। ਵਿਰੋਧੀ ਧਿਰ ਇਸ ਦਾਅਵੇ ਨੂੰ ਨਕਾਰ ਰਹੀ ਹੈ। 
ਦੱਸਣਯੋਗ ਹੈ ਕਿ 'ਜਗ ਬਾਣੀ' ਵੱਲੋਂ ਇਹ ਮਾਮਲਾ ਬੀਤੇ ਦਿਨੀਂ ਉਭਾਰਿਆ ਗਿਆ ਸੀ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੇ। ਇਕੱਤਰ ਅੰਕੜਿਆਂ ਮੁਤਾਬਕ ਉਕਤ ਇਲਾਕੇ ਦੀ ਨਿਕਾਸੀ ਪਿੰਡ ਦੀ ਨਿਵਾਣ ਵੱਲ ਰੱਖੀ ਹੋਈ ਹੈ। ਨਿਕਾਸੀ ਕਾਰਨ ਪੱਤੀ ਨੰਗਲ ਕੀ ਦੇ ਇਕ ਦਲਿਤ ਇਲਾਕੇ (ਜੋ ਵਿਕਾਸ ਕਾਰਜਾਂ ਦੀ ਅਣਗਹਿਲੀ ਸਦਕਾ ਕੱਚਾ ਹੈ) ਦੇ ਲੋਕਾਂ ਲਈ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਮੁਹੱਲੇ ਦੇ ਲੋਕਾਂ ਨੇ ਨਾਲੇ ਦੀ ਨਿਕਾਸੀ ਬੰਦ ਕਰ ਦਿੱਤੀ ਹੈ। 
ਉਨ੍ਹਾਂ ਦਾ ਤਰਕ ਸੀ ਕਿ ਪਾਣੀ ਦੀ ਨਿਕਾਸੀ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਪੂਰੇ ਪਿੰਡ ਦੇ ਪਾਣੀ ਦੀ ਨਿਕਾਸੀ ਇਸ ਛੋਟੇ ਨਾਲੇ ਰਾਹੀਂ ਸੰਭਵ ਨਹੀਂ। ਇਲਾਕਾ ਵਾਸੀ ਗੁਰਦਿਆਲ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ ਮੈਂਬਰ, ਜਸਵੰਤ ਸਿੰਘ ਮੈਂਬਰ, ਗੁਰਬਖਸ਼ ਸਿੰਘ ਮੈਂਬਰ ਤੇ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਨਾਲ ਪ੍ਰਸ਼ਾਸਨ ਵੱਲੋਂ ਜਾਣ-ਬੁੱਝ ਕੇ ਅਣਦੇਖੀ ਕੀਤੀ ਜਾ ਰਹੀ ਹੈ। 
ਇਸ ਸਬੰਧੀ ਬਲਾਕ ਪੰਚਾਇਤ ਅਤੇ ਪੇਂਡੂ ਵਿਕਾਸ ਅਧਿਕਾਰੀ ਪਿਆਰ ਸਿੰਘ ਖਾਲਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਇਕੱਤਰ ਕਰਨਗੇ।


Related News