ਪੰਜਾਬ ''ਚ ''ਜਲ ਸੰਕਟ'' ਨੇ ਉਡਾਈ ਕੈਪਟਨ ਦੀ ਨੀਂਦ, ਸੱਦੀ ਸਰਬ ਪਾਰਟੀ ਮੀਟਿੰਗ

Saturday, Jun 22, 2019 - 11:46 AM (IST)

ਪੰਜਾਬ ''ਚ ''ਜਲ ਸੰਕਟ'' ਨੇ ਉਡਾਈ ਕੈਪਟਨ ਦੀ ਨੀਂਦ, ਸੱਦੀ ਸਰਬ ਪਾਰਟੀ ਮੀਟਿੰਗ

ਚੰਡੀਗੜ੍ਹ : ਪੰਜਾਬ 'ਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਂਦ ਉਡਾ ਛੱਡੀ ਹੈ ਅਤੇ ਇਸ ਸਮੱਸਿਆ ਕਾਰਨ ਉਹ ਕਾਫੀ ਪਰੇਸ਼ਾਨ ਹਨ। ਪਾਣੀ ਨੂੰ ਹੋਰ ਹੇਠਾਂ ਡਿਗਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਲਈ ਕੈਪਟਨ ਵਲੋਂ ਸਰਬ ਪਾਰਟੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਗਿਆ ਹੈ। ਕੈਪਟਨ ਨੇ ਬੀਤੇ ਦਿਨ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕਿਹਾ ਕਿ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਹ ਬਹੁਤ ਹੀ ਉਚਿਤ ਸਮਾਂ ਹੈ ਅਤੇ ਜੇਕਰ ਅਸੀਂ ਕਦਮ ਨਾ ਚੁੱਕੇ ਤਾਂ ਅਗਲੇ ਕੁਝ ਸਾਲਾਂ 'ਚ ਪੰਜਾਬ ਰੇਗਿਸਤਾਨ ਬਣ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਲਈ 1985-86 'ਚ ਪਾਣੀ ਦੀ ਉਪਲੱਬਧਤਾ 17 ਐੱਮ. ਏ. ਐੱਫ. ਸੀ, ਜਿਹੜੀ ਘਟ ਕੇ 13.1 ਐੱਮ. ਏ. ਐੱਫ. ਰਹਿ ਗਈ ਹੈ। ਸਰਬ ਪਾਰਟੀ ਮੀਟਿੰਗ ਸੱਦਣ ਦੇ ਮਕਸਦ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਨੇ ਕਿਹਾ ਕਿ ਇਸ ਅਤਿ ਮਹੱਤਵਪੂਰਨ ਮੁੱਦੇ 'ਤੇ ਸਿਆਸੀ ਆਮ ਸਹਿਮਤੀ ਪੈਦਾ ਕਰਨ ਲਈ ਇਹ ਮੀਟਿੰਗ ਇਕ ਸਿਹਤਮੰਦ ਮੰਚ ਮੁਹੱਈਆ ਕਰਾਵੇਗੀ, ਜਿਸ ਨਾਲ ਸੂਬੇ ਦੇ ਲੋਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ 'ਤੇ ਤਿੱਖਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਇਸ ਮਾਮਲੇ 'ਤੇ ਵਰਤੀ ਗਈ ਢਿੱਲ ਸਾਨੂੰ ਕਿਸੇ ਪਾਸੇ ਦਾ ਵੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਸਾਰੀਆਂ ਕਿਸਾਨ ਜੱਥੇਬੰਦੀਆਂ ਤੋਂ ਵੀ ਇਸ ਸਬੰਧੀ ਦਿਲੋਂ ਸਹਿਯੋਗ ਮੰਗਿਆ ਹੈ ਕਿਉਂਕਿ ਇਹ ਮੁੱਦਾ ਸਿੱਧੇ ਤੌਰ 'ਤੇ ਮਾਨਵਤਾ ਦੀ ਹੋਂਦ ਨਾਲ ਸਬੰਧਿਤ ਹੈ।


author

Babita

Content Editor

Related News