ਪੰਜਾਬ ’ਚ ਫਿਰ ਵੱਡੀਆਂ ਵਾਰਦਾਤਾਂ ਦੀ ਚਿਤਾਵਨੀ, ਖੁਫ਼ੀਆਂ ਵਿਭਾਗ ਦੀ ਇਨਪੁੱਟ ਤੋਂ ਬਾਅਦ ਪੁਲਸ ਅਲਰਟ ’ਤੇ

Friday, Nov 18, 2022 - 06:37 PM (IST)

ਚੰਡੀਗੜ੍ਹ : ਕੋਟਕਪੂਰਾ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਤੋਂ ਬਾਅਦ ਹੁਣ ਪੰਜਾਬ ਵਿਚ ਕਈ ਹੋਰ ਡੇਰਾ ਪ੍ਰੇਮੀ ਗੈਂਗਸਟਰਾਂ/ਅੱਤਵਾਦੀਆਂ ਦੇ ਟਾਰਗੇਟ ’ਤੇ ਹਨ। ਦਰਅਸਲ ਇਸ ਸੰਬੰਧੀ ਪੰਜਾਬ ਪੁਲਸ ਨੂੰ ਇਨਪੁੱਟ ਮਿਲੀ ਹੈ, ਜਿਸ ਵਿਚ ਡੇਰਾ ਪ੍ਰੇਮੀਆਂ ’ਤੇ ਭਵਿੱਖ ਵਿਚ ਹਮਲੇ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਇਨਪੁੱਟ ਤੋਂ ਬਾਅਦ ਪੁਲਸ ਵਿਭਾਗ ਨੇ ਤੁਰੰਤ ਕਈ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਤੋਂ ਇਲਾਵਾ ਫਰੀਦਕੋਟ ਨਿਵਾਸੀ ਇਕ ਡੇਰਾ ਪ੍ਰੇਮੀ ਦੇ ਘਰ ਦੇ ਬਾਹਰ ਵੀ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਸੰਘੋਲ ਬੈਂਕ ਡਕੈਤੀ ਮਾਮਲੇ ’ਚ ਵੱਡਾ ਖ਼ੁਲਾਸਾ, ਸਾਬਕਾ ਮੁੱਖ ਮੰਤਰੀ ਚੰਨੀ ਦਾ ਨਜ਼ਦੀਕੀ ਨਿਕਲਿਆ ਮਾਸਟਰ ਮਾਈਂਡ

ਸੂਤਰਾਂ ਮੁਤਾਬਕ ਪੰਜਾਬ ਪੁਲਸ ਨੂੰ ਇੰਟੈਲੀਜੈਂਸ ਤੋਂ ਕੁਝ ਅਹਿਮ ਇਨਪੁੱਟ ਮਿਲੇ ਹਨ। ਜਿਸ ਤੋਂ ਬਾਅਦ ਪੁਲਸ ਨੇ ਆਪਣੀ ਰਣਨੀਤੀ ਵਿਚ ਬਦਲਾਅ ਕਰਕੇ ਡੇਰਾ ਪ੍ਰੇਮੀਆਂ ਨੂੰ ਮਿਲਣ ਆਉਣ ਵਾਲੇ ਲੋਕਾਂ ’ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਸ ਵਲੋਂ ਜੇਲਾਂ ਵਿਚ ਬੰਦ ਗੈਂਗਸਰਾਂ ਸਮੇਤ ਜ਼ਮਾਨਤ ’ਤੇ ਚੱਲ ਰਹੇ ਜਾਂ ਪੁਲਸ ਗ੍ਰਿਫਤ ’ਚੋਂ ਬਾਹਰ ਚੱਲ ਰਹੇ ਅਪਰਾਧਿਕ ਪਿਛੋਕੜ ਵਾਲਿਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਜਿਗਰੀ ਯਾਰਾਂ ਦੀ ਇਕੱਠਿਆਂ ਹੋਈ ਮੌਤ

ਬੀਤੇ ਦਿਨੀਂ ਹੋਇਆ ਸੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ

ਦੱਸਣਯੋਗ ਹੈ ਕਿ ਬਰਗਾੜੀ ਮਾਮਲੇ ਵਿਚ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਰੋਜ਼ਾਨਾ ਵਾਂਗ ਆਪਣੀ ਦੁਕਾਨ ਖੋਲ੍ਹਣ ਲੱਗਾ ਸੀ। ਇਸ ਦੌਰਾਨ ਉਸ ਦਾ ਇਕ ਸੁਰੱਖਿਆ ਗਾਰਡ ਵੀ ਮੌਜੂਦ ਸੀ। ਇਸ ਕਤਲ ਕਾਂਡ ਵਿਚ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਦੇ ਬਖਸ਼ੀਵਾਲਾ ਤੋਂ ਹਰਿਆਣਾ ਦੇ ਰੋਹਤਕ ਅਤੇ ਭਿਵਾਨੀ ਦੇ ਰਹਿਣ ਵਾਲੇ ਦੋ ਨਾਬਾਲਗਾਂ ਸਮੇਤ ਜਤਿੰਦਰ ਜੀਤੂ ਨਾਮਕ ਸ਼ੂਟਰ ਨੂੰ ਕਾਬੂ ਕੀਤਾ ਸੀ। ਇਸ ਤੋਂ ਇਲਾਵਾ 17 ਨਵੰਬਰ ਨੂੰ ਪੰਜਾਬ ਨੇ ਜੁਆਇੰਟ ਆਪਰੇਸ਼ਨ ਕਰਕੇ ਹੁਸ਼ਿਆਰਪੁਰ ਤੋਂ 2 ਸ਼ੂਟਰ ਮਨਪ੍ਰੀਤ ਉਰਫ ਮਨੀ ਅਤੇ ਭੁਪਿੰਦਰ ਉਰਫ ਗੋਲਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸ਼ੂਟਰਾਂ ਦੇ ਠਹਿਰਣ ਅਤੇ ਹੋਰ ਪ੍ਰਕਾਰ ਦੀ ਮਦਦ ਦੇ ਮੁਲਜ਼ਮ ਬਠਿੰਡਾ ਵਿਚ ਤਾਇਨਾਤ ਇਕ ਸਬ ਇੰਸਪੈਕਟਰ ਦੇ ਬੇਟੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਮਿਲਿਆ ਲਾਵਾਰਸ ਬੈਗ, ਜਦੋਂ ਖੋਲ੍ਹ ਕੇ ਦੇਖਿਆ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News