ਪੰਜਾਬ ਲਈ ਖ਼ਤਰੇ ਦੀ ਘੰਟੀ! ਐਮਰਜੈਂਸੀ ਟੀਮਾਂ ਦੀ ਤਾਇਨਾਤੀ ਦੇ ਹੁਕਮ, ਹਾਲਾਤ 'ਤੇ 24 ਘੰਟੇ ਨਜ਼ਰ
Tuesday, Jul 08, 2025 - 10:12 AM (IST)

ਚੰਡੀਗੜ੍ਹ (ਅੰਕੁਰ) : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਭਰ ’ਚ ਹੜ੍ਹ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਹੜ੍ਹਾਂ ਜਿਹੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਭਰ ’ਚ ਚੱਲ ਰਹੇ ਯਤਨਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਮੌਜੂਦਾ ਹੜ੍ਹ ਕੰਟਰੋਲ ਉਪਾਵਾਂ ਦੀ ਸਥਿਤੀ ਅਤੇ ਸੰਭਾਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੂੰ ਹੜ੍ਹ ਸੁਰੱਖਿਆ ਉਪਾਵਾਂ ਤੇ ਸੰਵੇਦਨਸ਼ੀਲ ਖੇਤਰਾਂ ਲਈ ਵਿਸਥਾਰਤ ਤਿਆਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਸਮੇਂ ਸਿਰ ਨਜਿੱਠਣ ਲਈ ਖ਼ਾਸ ਕਰਕੇ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਖ਼ਤ ਚੌਕਸੀ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੰਟਰੋਲ ਰੂਮਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਣ ਤੇ ਅਤਿ-ਸੰਵੇਦਨਸ਼ੀਲ ਖੇਤਰਾਂ ’ਚ ਲੋੜੀਂਦੀ ਮਸ਼ੀਨਰੀ ਅਤੇ ਸਮੱਗਰੀ ਨਾਲ ਐਮਰਜੈਂਸੀ ਟੀਮਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬੀਓ ਜ਼ਰਾ ਬਚ ਕੇ! ਅਗਲੇ 3 ਦਿਨ ਬੇਹੱਦ ਭਾਰੀ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਲਈ ਚਿਤਾਵਨੀ ਜਾਰੀ
ਉਨ੍ਹਾਂ ਨੂੰ ਜਾਣੂੰ ਕਰਵਾਇਆ ਗਿਆ ਕਿ ਸਰਕਾਰ ਨੇ ਵੱਖ-ਵੱਖ ਹੜ੍ਹ ਪ੍ਰਬੰਧਨ ਪਹਿਲ ਕਦਮੀਆਂ ਲਈ ਲਗਭਗ 230 ਕਰੋੜ ਰੁਪਏ ਖ਼ਰਚੇ ਹਨ। ਐੱਸ. ਡੀ. ਐੱਮ. ਐੱਫ, ਮਨਰੇਗਾ ਤੇ ਵਿਭਾਗੀ ਅਮਲੇ ਵੱਲੋਂ ਕੁੱਲ 599 ਪ੍ਰਾਜੈਕਟ ਮੁਕੰਮਲ ਕੀਤੇ ਗਏ ਹਨ। ਇਨ੍ਹਾਂ ’ਚ ਵਿਭਾਗੀ ਮਸ਼ੀਨਰੀ ਤੇ ਠੇਕੇਦਾਰਾਂ ਰਾਹੀਂ 4,766 ਕਿਲੋਮੀਟਰ ਲੰਮੀਆਂ ਡਰੇਨਾਂ, ਨਦੀਆਂ ਤੇ ਚੋਆਂ ਦੀ ਸਫ਼ਾਈ ਦੇ ਨਾਲ-ਨਾਲ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਕੁੱਲ 1,044 ਚੈੱਕ ਡੈਮ ਤੇ 3,957 ਸੋਕ ਪਿਟ ਵੀ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ 53,400 ਬਾਂਸ ਦੇ ਪੌਦੇ ਲਾਉਣ ਦੇ ਨਾਲ-ਨਾਲ 294 ਕਿਲੋਮੀਟਰ ਹਿੱਸੇ 'ਤੇ ਵੈਟੀਵਰ ਘਾਹ ਵੀ ਲਾਇਆ ਗਿਆ ਹੈ। ਵਿਭਾਗ ਨੇ 7.79 ਲੱਖ ਸੈਂਡ ਬੈਗ ਖ਼ਰੀਦੇ ਹਨ, ਜਿਨ੍ਹਾਂ ’ਚੋਂ ਕਰੀਬ 4 ਲੱਖ ਬੋਰੀਆਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ, ਜੋ ਹੜ੍ਹਾਂ ਵਰਗੇ ਹੰਗਾਮੀ ਤੇ ਸੰਭਾਵੀ ਹਾਲਾਤ ਨਾਲ ਫੌਰੀ ਨਜਿੱਠਣ ਲਈ ਰਣਨੀਤਕ ਤੌਰ 'ਤੇ ਸਾਰੇ ਜ਼ਿਲ੍ਹਿਆਂ ’ਚ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ ਪਹਿਲੀ ਵਾਰ ਜੰਬੋ ਬੈਗ ਵੀ ਖ਼ਰੀਦੇ ਹਨ, ਜੋ ਟੀਮਾਂ ਨੂੰ ਬੰਨ੍ਹ ਲਾਉਣ ਜਾਂ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਦੌਰਾਨ ਕਿਸੇ ਵੀ ਸੰਭਾਵੀ ਪਾੜ ਨੂੰ ਜਲਦੀ ਭਰਨ ’ਚ ਮਦਦ ਕਰਨਗੇ। ਫੀਲਡ ਅਧਿਕਾਰੀਆਂ ਤੇ ਇੰਜੀਨੀਅਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਵੱਡੇ ਦਰਿਆਵਾਂ, ਡਰੇਨਾਂ ਤੇ ਚੋਆਂ ’ਚ ਪਾਣੀ ਦੇ ਮੌਜੂਦਾ ਪੱਧਰ ਦੀ ਸਮੀਖਿਆ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਡਰੇਨਾਂ ’ਚੋਂ ਗਾਰ ਕੱਢਣ ਤੇ ਇਸ ਦੀ ਸਫ਼ਾਈ, ਬੰਨ੍ਹਾਂ ਨੂੰ ਮਜ਼ਬੂਤ ਕਰਨ ਤੇ ਵਿਭਾਗੀ ਅਮਲੇ ਦੇ ਕਾਰਜਾਂ ਸਮੇਤ ਹੜ੍ਹ ਸੁਰੱਖਿਆ ਉਪਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ UPDATE, ਪੜ੍ਹੋ ਹਾਈਕੋਰਟ ਦਾ ਵੱਡਾ ਫ਼ੈਸਲਾ (ਵੀਡੀਓ)
ਵੱਡੇ ਦਰਿਆਵਾਂ ਤੇ ਡਰੇਨਾਂ ’ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ 2023 ਦੇ ਨਾਜ਼ੁਕ ਹਾਲਾਤ ਤੋਂ ਲਏ ਗਏ ਤਜਰਬੇ ਨੂੰ ਮੌਜੂਦਾ ਯੋਜਨਾਬੰਦੀ ’ਚ ਸ਼ਾਮਲ ਕੀਤਾ ਗਿਆ ਹੈ। ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੁਕੰਮਲ ਹੋਏ ਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਨਿਗਰਾਨੀ ਲਈ ਜ਼ਿਲ੍ਹਾ ਤੇ ਸਰਕਲ ਅਧਿਕਾਰੀਆਂ ਨਾਲ ਨਿਯਮਤ ਤੌਰ 'ਤੇ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸਟਾਫ ਦੇ ਸਮਰਪਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਮਾਨਸੂਨ ਸੀਜ਼ਨ ਦੌਰਾਨ ਆਪਣੀ ਸੇਵਾ ਤਨਦੇਹੀ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ ਇੰਜੀਨੀਅਰ (ਡਰੇਨੇਜ-ਕਮ-ਮਾਈਨਿੰਗ) ਹਰਦੀਪ ਸਿੰਘ ਮਹਿੰਦੀਰੱਤਾ ਤੇ ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8