ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ, ਜਾਰੀ ਕੀਤੀ ਗਈ ਸੂਚੀ
Tuesday, Nov 10, 2026 - 04:24 PM (IST)
ਚੰਡੀਗੜ੍ਹ : ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ 'ਚ ਪਾਰਟੀ ਪ੍ਰਤੀ ਸਮਰਪਿਤ ਚਿਹਰਿਆਂ ਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਬਲਾਕ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਵਰਕਰਾਂ ਤੋਂ ਮਿਲੇ ਸੁਝਾਅ ਉਪਰੰਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਨ੍ਹਾਂ ਨਾਮਾਂ ਦੀ ਨਿਯੁਕਤੀ ਕੀਤੀ ਗਈ ਹੈ।
ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਲੋਕਾਂ ਤੱਕ ਲੈ ਕੇ ਜਾਣ ਲਈ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਸਰਬ ਸੰਮਤੀ ਨਾਲ ਕੀਤੀਆਂ ਗਈਆਂ ਹਨ। ਲੀਡਰਸ਼ਿਪ ਨੇ ਜਾਰੀ ਬਿਆਨ 'ਚ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਇੱਕੋ ਇੱਕ ਆਸ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਣ ਚੁੱਕੇ ਹਨ। ਬਿਆਨ 'ਚ ਕਿਹਾ ਗਿਆ ਕਿ ਪਾਰਟੀ ਪੰਥ ਅਤੇ ਪੰਜਾਬ ਪ੍ਰਤੀ ਇੱਕਮੁੱਠ ਹੈ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ 'ਚ ਪਾਰਟੀ ਅੱਗੇ ਵਧ ਰਹੀ ਹੈ। ਪਾਰਟੀ ਲੀਡਰਸ਼ਿਪ ਆਪਣੇ ਸਿਧਾਂਤ, ਆਪਣੇ ਟੀਚੇ ਅਤੇ ਮਨੋਰਥ ਨੂੰ ਲੈ ਕੇ ਹਮੇਸ਼ਾ ਯਤਨਸ਼ੀਲ ਹੈ। ਜਾਰੀ ਬਿਆਨ 'ਚ ਲੀਡਰਸ਼ਿਪ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖ਼ਾਲਸਾ ਨਸ਼ਾ ਮੁਕਤ ਪੰਜਾਬ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਨ।
ਪਾਰਟੀ ਦਫ਼ਤਰ ਤੋਂ ਜਾਰੀ ਸੂਚੀ 'ਚ ਅਮਨਦੀਪ ਸਿੰਘ ਡੱਡੂਆਣਾ ਅੰਮ੍ਰਿਤਸਰ ਸ਼ਹਿਰੀ, ਜਸਕਰਨ ਸਿੰਘ ਰਿਆੜ ਅੰਮ੍ਰਿਤਸਰ ਦਿਹਾਤੀ, ਪ੍ਰਗਟ ਸਿੰਘ ਵਿਰਕ ਬਠਿੰਡਾ, ਪਵਿੱਤਰ ਸਿੰਘ ਫਤਿਹਗੜ੍ਹ ਸਾਹਿਬ, ਨਛੱਤਰ ਸਿੰਘ ਦਬੜੀਖਾਨਾ ਫਰੀਦਕੋਟ, ਮਹਿੰਦਰ ਸਿੰਘ ਬਾਜਵਾ ਜਲੰਧਰ, ਹਰਜੀਤ ਸਿੰਘ ਭੂੰਦੜ ਮਾਨਸਾ, ਹਰਜੀਤ ਸਿੰਘ ਬਰਨਾਲਾ, ਸੁਖਬੀਰ ਸਿੰਘ ਬਲਬੇੜਾ ਪਟਿਆਲਾ, ਅਵਤਾਰ ਸਿੰਘ ਕਾਹਨਗੜ੍ਹ ਸੰਗਰੂਰ, ਜਗਦੇਵ ਸਿੰਘ ਚੌਦਾ ਮਲੇਰਕੋਟਲਾ, ਪ੍ਰਤਾਪ ਸਿੰਘ ਫਾਜ਼ਿਲਕਾ, ਉਮਰਾਓ ਸਿੰਘ ਪਠਾਨਕੋਟ, ਚਮਕੌਰ ਸਿੰਘ ਧੁੰਨ ਤਰਨਤਾਰਨ ਸਾਹਿਬ, ਜਗਦੀਪ ਸਿੰਘ ਭੁੱਲਰ ਫਿਰੋਜ਼ਪੁਰ, ਜਸਵਿੰਦਰ ਸਿੰਘ ਬਾਦਲ ਸ਼੍ਰੀ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਕਪੂਰਥਲਾ, ਕੁਲਦੀਪ ਸਿੰਘ ਸਰਸੀਣੀ ਮੋਹਾਲੀ, ਮਨਜਿੰਦਰ ਸਿੰਘ ਬਲ ਗੁਰਦਾਸਪੁਰ ਦਿਹਾਤੀ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਅਮਨਦੀਪ ਸਿੰਘ ਹਸਨਪੁਰ ਲੁਧਿਆਣਾ (ਦਿਹਾਤੀ) ਸ੍ਰੀ ਰੋਹਿਤ ਖੁੱਲਰ ਲੁਧਿਆਣਾ ਸ਼ਹਿਰੀ 1, ਕਰਮਜੀਤ ਸਿੰਘ ਮੋਗਾ, ਐਡਵੋਕੇਟ ਸਰਬਜੀਤ ਸਿੰਘ ਰੂਪਨਗਰ, ਮਨਦੀਪ ਸਿੰਘ ਹੁਸ਼ਿਆਰਪੁਰ ਸ਼ਹਿਰੀ, ਮਨਜਿੰਦਰ ਸਿੰਘ ਰੜਾ ਹੁਸ਼ਿਆਰਪੁਰ ਦਿਹਾਤੀ, ਅਮਨਦੀਪ ਸਿੰਘ ਖਾਲਸਾ ਮੋਗਾ ਸ਼ਹਿਰੀ, ਗੁਰਪ੍ਰੀਤ ਸਿੰਘ ਪ੍ਰਿੰਸ ਨੂੰ ਬਤੌਰ ਲੁਧਿਆਣਾ ਸ਼ਹਿਰੀ-2 ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
