ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਲ ਮਾਰਚ ਜਲਿਆਂਵਾਲਾ ਬਾਗ ਪਹੁੰਚ ਕੇ ਸਮਾਪਤ
Tuesday, Apr 08, 2025 - 04:34 PM (IST)

ਅੰਮ੍ਰਿਤਸਰ (ਨੀਰਜ)- ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕੀਤਾ ਗਿਆ ਜਾਗਰੂਕਤਾ ਮਾਰਚ ਅੱਜ ਜਲਿਆਂਵਾਲਾ ਬਾਗ ਪਹੁੰਚ ਕੇ ਸਮਾਪਤ ਹੋਇਆ। ਰਾਜਪਾਲ ਪੰਜਾਬ ਨੇ ਸ਼ਹੀਦਾਂ ਦੀ ਖੂਨ ਨਾਲ ਰੰਗੀ ਧਰਤੀ ਜਲਿਆਂਵਾਲਾ ਬਾਗ਼ ਤੋਂ ਪੰਜਾਬੀਆਂ ਨੂੰ ਮੁਖਾਤਿਬ ਹੁੰਦੇ ਦੇਸ਼ ਅਤੇ ਧਰਮ ਦੀ ਖ਼ਾਤਰ ਸ਼ਹੀਦੀਆਂ ਪਾਉਣ ਵਾਲੇ ਵਡੇਰਿਆਂ ਦਾ ਹਵਾਲਾ ਦੇ ਕੇ ਜਮੀਰ ਨੂੰ ਹਲੂਣਾ ਦਿੱਤਾ ਅਤੇ ਪੰਜਾਬ ਚੋ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਦੇਸ਼ ਅਤੇ ਧਰਮ ਦੀ ਖ਼ਾਤਰ ਸਬ ਤੋਂ ਵੱਧ ਸ਼ਹੀਦੀਆਂ ਪਾਉਣ ਵਾਲੇ ਪੰਜਾਬ ਸੂਬੇ ਵਿੱਚ ਨਸ਼ੇ ਦੀ ਬੁਰੀ ਆਦਤ ਲਈ ਕੋਈ ਜਗ੍ਹਾ ਨਹੀਂ। ਪਦ ਯਾਤਰਾ ਦੇ ਆਖਰੀ ਦਿਨ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਨਅੰਦੋਲਨ ਖੜਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਬਿਮਾਰੀ ਕੇਵਲ ਮੈਂ ਜਾਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ, ਜਿੰਨਾ ਚਿਰ ਆਮ ਲੋਕਾਂ ਦਾ ਸਾਥ ਇਸ ਮੁਹਿੰਮ ਨੂੰ ਨਹੀਂ ਮਿਲ ਜਾਂਦਾ । ਉਨਾਂ ਮੰਚ ਉੱਤੇ ਹਾਜ਼ਰ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ਉੱਤੇ ਰਾਜਨੀਤੀ ਨਾ ਕਰਨ ਬਲਕਿ ਸਾਰੇ ਸੁਹਿਰਦ ਹੋ ਕੇ ਇਸ ਨੂੰ ਖਤਮ ਕਰਨ ਲਈ ਅੱਗੇ ਆਉਣ।
ਉਹਨਾਂ ਕਿਹਾ ਇਹ ਨਸ਼ਿਆਂ ਵਿਰੁੱਧ ਪਦ ਯਾਤਰਾ ਸਿਰਫ ਰਾਜਪਾਲ ਦੀ ਯਾਤਰਾ ਨਹੀਂ ਸਗੋਂ ਜਨ ਜਨ ਦਾ ਅੰਦੋਲਨ ਬਣ ਕੇ ਤਿਆਰ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਇਹ ਅਭਿਆਨ ਕਿਸੇ ਸਰਕਾਰ ਦਾ ਨਹੀਂ ਸਗੋਂ ਲੋਕਾਂ ਦਾ ਮੁਹਿੰਮ ਹੋਣੀ ਚਾਹੀਦੀ ਹੈ ਤਾਂ ਜੋ ਹਰ ਪਿੰਡ, ਮੁਹੱਲੇ ਵਿੱਚ ਲੋਕ ਅੱਗੇ ਆ ਕੇ ਨਸ਼ਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ। ਉਹਨਾਂ ਕਿਹਾ ਕਿ ਸਰਹੱਦ ਉੱਤੇ ਪਿੰਡਾਂ ਦੀ ਸੁਰੱਖਿਆ ਲਈ ਬਣਾਈਆਂ ਗਈਆਂ ਸੁਰੱਖਿਆ ਕਮੇਟੀਆਂ ਜੋ ਕਿ ਨਸ਼ੇ ਦੀ ਤਸਕਰੀ ਰੋਕਣ ਲਈ ਵਧੀਆ ਕੰਮ ਕਰ ਰਹੀਆਂ ਹਨ, ਨੂੰ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਪਿੰਡਾਂ ਦੇ ਵਿਕਾਸ ਲਈ ਹੋਰ ਫੰਡ ਦਿੱਤੇ ਜਾਣੇ ਚਾਹੀਦੇ ਹਨ। ਰਾਜਪਾਲ ਪੰਜਾਬ ਨੇ ਯਾਤਰਾ ਲਈ ਹਰੇਕ ਵਰਗ ਜਿਸ ਵਿੱਚ ਸਕੂਲਾਂ ਦੇ ਬੱਚੇ, ਅਧਿਆਪਕ, ਪੰਚਾਇਤਾਂ, ਕਿਸਾਨ, ਵਪਾਰੀ, ਖਿਡਾਰੀ, ਰਾਜਸੀ ਪਾਰਟੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਨਤਕਾਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਇਹ ਮੁਹਿੰਮ ਨਿਰੰਤਰ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਮੇਰੇ ਵੱਲੋਂ ਵੀ ਇਹ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ। ਇਸ ਤੋਂ ਪਹਿਲਾਂ ਰਾਜਪਾਲ ਪੰਜਾਬ ਨੇ ਸਵੇਰੇ ਤੜਕੇ 4 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਾਹਿਗੁਰੂ ਦੀ ਓਟ ਆਸਰਾ ਲਿਆ। ਉਹਨਾਂ ਪਾਲਕੀ ਸਾਹਿਬ ਨੂੰ ਮੋਢਾ ਦਿੱਤਾ ਤੇ ਸੇਵਾ ਕੀਤੀ।
ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆਂ ਨੇ ਭੰਡਾਰੀ ਪੁਲ ਤੋਂ ਪਦ ਯਾਤਰਾ ਸ਼ੁਰੂ ਕੀਤੀ ਜੋ ਕਿ ਹਾਲ ਬਾਜ਼ਾਰ ਰਾਹੀਂ ਹੁੰਦੇ ਹੋਏ ਜਲਿਆਂਵਾਲਾ ਬਾਗ਼ ਵਿਖੇ ਆਕੇ ਸਮਾਪਤ ਹੋਈ। ਇਸ ਮੌਕੇ ਸ਼ਹਿਰ ਦੀਆਂ ਨਾਮੀ ਹਸਤੀਆਂ ਤੋਂ ਇਲਾਵਾ, ਕੇਂਦਰੀ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਸਾਂਸਦ ਸ. ਵਿਕਰਮਜੀਤ ਸਿੰਘ ਸਾਹਨੀ, ਸ੍ਰੀ ਸੁਨੀਲ ਜਾਖੜ, ਸ੍ਰੀ ਵਿਵੇਕ ਪ੍ਰਤਾਪ ਸਿੰਘ ਪ੍ਰਿੰਸੀਪਲ ਸੈਕਟਰੀ, ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ, ਸ਼੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ, ਸ੍ਰੀ ਗੁਰਮੀਤ ਸਿੰਘ ਰਾਣਾ ਸੋਢੀ, ਜ਼ਿਲ੍ਹਿਆਂ ਵਾਲੇ ਬਾਗ ਦੇ ਸੈਕਟਰੀ ਸ੍ਰੀ ਮੁਖਰਜੀ , ਲੇਖਕ ਖੁਸ਼ਵੰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।