ਆਵਾਰਾ ਤੇ ਖੂੰਖਾਰ ਕੁੱਤਿਆਂ ਨੇ ਮਚਾਈ ਦਹਿਸ਼ਤ

07/06/2017 12:33:18 PM

ਸੁਲਤਾਨਪੁਰ ਲੋਧੀ(ਸੋਢੀ)— ਹਲਕਾ ਸੁਲਤਾਨਪੁਰ ਲੋਧੀ 'ਚ ਆਵਾਰਾ ਅਤੇ ਖੂੰਖਾਰ ਕੁੱਤਿਆਂ ਦੀ ਇੰਨੀ ਭਰਮਾਰ ਹੈ ਕਿ ਛੋਟੇ ਬੱਚਿਆਂ ਦਾ ਘਰਾਂ 'ਚੋਂ ਇਕੱਲੇ ਬਾਹਰ ਨਿੱਕਲਣਾ ਮੁਸ਼ਕਲ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਕੁੱਤਿਆਂ ਵੱਲੋਂ ਮਚਾਈ ਗਈ ਦਹਿਸ਼ਤ ਕਾਰਨ ਹੁਣ ਦੁੱਧ ਦੇਣ ਵਾਲੇ ਪਸ਼ੂਆਂ ਦੀ ਜਾਨ ਬਚਾਉਣ ਲਈ ਵੀ ਲੋਕਾਂ ਨੂੰ ਰਾਖੀ ਕਰਨੀ ਪੈ ਰਹੀ ਹੈ। ਬੀਤੇ ਦਿਨ ਪਿੰਡ ਅੱਲਾ ਦਿੱਤਾ (ਮੋਠਾਂਵਾਲਾ) ਵਿਖੇ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਦੇ ਡੇਰੇ 'ਤੇ ਰੱਖੇ ਦੁੱਧ ਦੇਣ ਵਾਲੇ ਪਸ਼ੂਆਂ 'ਤੇ ਆਵਾਰਾ ਕੁੱਤਿਆਂ ਵੱਲੋਂ ਧਾਵਾ ਬੋਲਿਆ ਗਿਆ ਜਿੱਥੇ ਵੱਡੇ ਡੰਗਰਾਂ ਨੇ ਤਾਂ ਆਪਣਾ ਬਚਾਅ ਕਰ ਲਿਆ ਪਰ ਮੱਝਾਂ ਦੇ ਛੋਟੇ ਕੱਟੇ ਅਤੇ ਕੱਟੀ ਨੂੰ ਕੁੱਤੇ ਨੋਚ-ਨੋਚ ਕੇ ਖਾ ਗਏ। 
ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੱਝਾਂ ਦਾ ਦੁੱਧ ਚੋਣ ਲਈ ਡੇਰੇ ਗਏ ਤਾਂ ਉਨ੍ਹਾਂ ਦੇਖਿਆ ਕਿ ਕੱਟਾ ਅਤੇ ਕੱਟੀ ਦੇ ਸਿਰਫ ਪਿੰਜਰ ਹੀ ਪਏ ਸਨ। ਇਸੇ ਤਰ੍ਹਾਂ ਪਿੰਡ ਫੱਤੋਵਾਲ ਤੇ ਲਾਟਵਾਲਾ ਦੀਆਂ ਸੜਕਾਂ 'ਤੇ ਆਵਾਰਾ ਤੇ ਖੂੰਖਾਰ ਕੁੱਤਿਆਂ ਦੇ ਫਿਰਦੇ ਟੋਲਿਆਂ ਨੇ ਆਮ ਜਨਤਾ ਦੀ ਨੀਂਦ ਉਡਾਈ ਹੋਈ ਹੈ। ਇਹ ਖੂਨੀ ਕੁੱਤੇ ਕਈ ਆਵਾਰਾ ਡੰਗਰਾਂ ਨੂੰ ਤਾਂ ਖਾਲੀ ਥਾਵਾਂ 'ਤੇ ਘੇਰਾ ਪਾ ਕੇ ਨੋਚ-ਨੋਚ ਕੇ ਖਾਂਦੇ ਹੀ ਹਨ ਤੇ ਹੁਣ ਤਾਂ ਬੰਦਿਆਂ 'ਤੇ ਵੀ ਹਮਲਾ ਕਰਦੇ ਹਨ। ਸਕੂਲਾਂ 'ਚ ਵੱਖ-ਵੱਖ ਥਾਵਾਂ ਤੋਂ ਪੜ੍ਹਨ ਲਈ ਸਾਈਕਲਾਂ 'ਤੇ ਆਉਂਦੇ ਬੱਚਿਆਂ ਮਗਰ ਵੀ ਇਹ ਕੁੱਤੇ ਦੌੜਦੇ ਹਨ ਤੇ ਉਹ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਘਰ ਆਉਂਦੇ ਹਨ। ਸੁਲਤਾਨਪੁਰ ਲੋਧੀ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਖੂੰਖਾਰ ਕੁੱਤੇ ਸ਼ਰੇਆਮ ਫਿਰਦੇ ਹਨ ਅਤੇ ਇਨ੍ਹਾਂ ਤੋਂ ਬੱਚਿਆਂ ਨੂੰ ਹਰ ਵੇਲੇ ਖਤਰਾ ਰਹਿੰਦਾ ਹੈ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਜਥੇ. ਭੁਪਿੰਦਰ ਸਿੰਘ ਖਾਲਸਾ ਜਾਰਜਪੁਰ, ਜਥੇਦਾਰ ਰਾਜਿੰਦਰ ਸਿੰਘ ਢੀਂਗਰਾ ਸਮਾਜ ਸੇਵਕ, ਡਾ. ਨਿਰਵੈਲ ਸਿੰਘ ਧਾਲੀਵਾਲ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ, ਜਥੇ. ਜਸਕਰਨਬੀਰ ਸਿੰਘ ਗੋਲਡੀ ਪ੍ਰਧਾਨ ਗੁਰੂ ਤੇਗ ਬਹਾਦਰ ਨੌਜਵਾਨ ਸਭਾ, ਜਥੇ. ਅਵਤਾਰ ਸਿੰਘ ਫੌਜੀ ਸਾਬਕਾ ਪ੍ਰਧਾਨ ਧਰਮ ਪ੍ਰਚਾਰ ਕਮੇਟੀ, ਭਾਈ ਕੁਲਦੀਪ ਸਿੰਘ ਬਬਲੂ ਪ੍ਰਧਾਨ ਦਸਮੇਸ਼ ਪਿਤਾ ਨੌਜਵਾਨ ਸਭਾ ਆਦਿ ਨੇ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਨੂੰ ਫੜਨ ਲਈ ਹੁਕਮ ਦਿੱਤੇ ਜਾਣ ਤਾਂ ਜੋ ਲੋਕ ਬੇਖੌਫ ਹੋ ਕੇ ਰਹਿ ਸਕਣ।


Related News