ਨਿੱਕੀ ਬੱਚੀ ਮੋਹਨਮੀਤ ਵੱਡਿਆਂ ਨੂੰ ਸੈਰ ਕਰਨ ਦੀ ਦੇ ਰਹੀ ਹੈ ਪ੍ਰੇਰਨਾ

04/30/2018 4:24:08 PM

ਬਾਘਾਪੁਰਾਣਾ (ਚਟਾਨੀ) - ਬੇਤਰਤੀਬੇ, ਮਿਲਾਵਟੀ ਅਤੇ ਰਸਾਇਣਾਂ 'ਚ ਤਿਆਰ ਪਕਵਾਨ ਖਾ-ਖਾ ਕੇ ਜ਼ਿੰਦਗੀਆਂ ਨੂੰ ਬੋਝਲ ਕਰਦੇ ਜਾ ਰਹੇ ਵਿਅਕਤੀਆਂ ਨੂੰ ਭਾਵੇਂ ਡਾਕਟਰਾਂ ਵੱਲੋਂ ਸਵੇਰ ਦੀ ਸੈਰ ਅਤੇ ਕਸਰਤ ਲਈ ਦੁਹਾਈਆਂ ਦਿੱਤੀਆਂ ਜਾਂਦੀਆਂ ਹਨ। ਅੱਜ ਕੱਲ ਲੋਕ ਨੀਂਦ ਨੂੰ ਜੱਫਾ ਮਾਰ ਕੇ ਸੁੱਤੇ ਰਹਿੰਦੇ ਹਨ ਤੇ ਸੈਰ ਵੱਲ ਕੋਈ ਧਿਆਨ ਨਹੀਂ ਦਿੰਦੇ। 
ਇਸ ਦੇ ਐਨ ਉਲਟ ਹੁਣ ਨਿੱਕੇ-ਨਿੱਕੇ ਬੱਚੇ ਜਿਥੇ ਆਪਣੇ ਮਾਪਿਆਂ ਨੂੰ ਪੌਸ਼ਟਿਕ ਖੁਰਾਕ ਦੀਆਂ ਨਸੀਹਤਾਂ ਦਿੰਦੇ ਹਨ, ਉਥੇ ਹੀ ਉਹ ਸੈਰ ਲਈ ਵੀ ਆਪਣੇ ਮਾਪਿਆਂ ਨੂੰ ਹਲੂਣ-ਹਲੂਣ ਕੇ ਸੈਰਗਾਹ ਵੱਲ ਧੱਕ ਕੇ ਲੈ ਜਾਂਦੇ ਹਨ। ਹਰਿਗੋਬਿੰਦਸਰ ਸਟੇਡੀਅਮ ਵਿਖੇ ਇਕ ਨਿੱਕੀ ਬੱਚੀ ਮੋਹਨਮੀਤ ਕੌਰ ਆਪਣੇ ਪਿਤਾ ਨਾਲ ਰੋਜ਼ਾਨਾ ਸੈਰ ਲਈ ਆਉਂਦੀ ਹੈ। ਬਾਪ ਤਾਂ ਭਾਵੇਂ ਇਕ-ਦੋ ਗੇੜੇ ਕੱਢ ਕੇ ਆਰਾਮ ਫਰਮਾਉਣ ਲੱਗ ਜਾਂਦਾ ਹੈ ਪਰ ਮੋਹਨਮੀਤ ਮੈਦਾਨ 'ਚ ਲਗਾਤਾਰ ਦੌੜਦੀ ਦੇਖੀ ਜਾਂਦੀ ਹੈ। ਉਹ ਕਸਰਤ ਵੀ ਕਰਦੀ ਹੈ ਅਤੇ ਯੋਗ ਵੀ। ਛੋਟੀ ਬੱਚੀ ਨੇ ਦੱਸਿਆ ਕਿ ਉਸ ਨੂੰ ਸਕੂਲ ਦੇ ਅਧਿਆਪਕ ਰੋਜ਼ਾਨਾ ਸਵੇਰੇ ਉੱਠਣ ਅਤੇ ਸੰਤੁਲਿਤ ਭੋਜਨ ਖਾਣ ਲਈ ਪ੍ਰੇਰਦੇ ਹਨ ਅਤੇ ਸੈਰ ਲਈ ਵੀ ਉਹ ਪ੍ਰੇਰਿਤ ਕਰਦੇ ਹਨ, ਇਹੀ ਕਾਰਨ ਹੈ ਕਿ ਉਹ ਰੋਜ਼ ਸਵੇਰੇ ਸੈਰ ਲਈ ਵੇਲੇ ਸਿਰ ਮੈਦਾਨ 'ਚ ਆ ਜਾਂਦੀ ਹੈ।
 


Related News