ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਬੱਸ ਸਟੈਂਡ ਕਰ ਰਿਹੈ ਉਦਘਾਟਨ ਦਾ ਇੰਤਜ਼ਾਰ

08/22/2017 1:35:52 AM

ਤਪਾ ਮੰਡੀ,   (ਸ਼ਾਮ, ਗਰਗ)-  ਜਿੱਤ ਦੀ ਹੈਟ੍ਰਿਕ ਲਾਉਣ ਦੇ ਮਕਸਦ ਨਾਲ ਚੋਣ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਕਰੋੜਾਂ ਅਰਬਾਂ ਰੁਪਏ ਦਾ ਛਿੱਟਾ ਇਸ ਤਰ੍ਹਾਂ ਦਿੱਤਾ ਗਿਆ ਕਿ ਸ਼ਾਇਦ ਉਸ ਤਰ੍ਹਾਂ ਤਾਂ ਕਿਸਾਨ ਆਪਣੇ ਖੇਤਾਂ ਵਿਚ ਖਾਦ ਵੀ ਨਹੀਂ ਖਿਲਾਰਦਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਨਾ ਤਾਂ ਅਕਾਲੀ ਦਲ ਨੂੰ ਸੱਤਾ ਨਸੀਬ ਹੋਈ ਅਤੇ ਨਾ ਹੀ ਆਮ ਲੋਕਾਂ ਦਾ ਕੁਝ ਸੰਵਰ ਸਕਿਆ। ਸਗੋਂ ਕਰਜ਼ੇ ਦੇ ਬੋਝ ਹੇਠ ਆਇਆ ਪੰਜਾਬ ਹੋਰ ਕਰਜ਼ਾਈ ਹੋ ਗਿਆ ਪਰ ਪੰਜਾਬ ਵਾਸੀਆਂ ਨੂੰ ਇਸ ਦਾ ਕੋਈ ਜ਼ਿਆਦਾ ਲਾਭ ਇਸ ਲਈ ਨਹੀਂ ਹੋ ਸਕਿਆ, ਕਿਉਂਕਿ ਅਕਾਲੀ ਸਰਕਾਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿਚ ਆਪਣਾ ਮਕਸਦ ਹੀ ਭੁੱਲ ਬੈਠੀ ਸੀ। 
ਇਸੇ ਤਰ੍ਹਾਂ ਜੇਕਰ ਬਰਨਾਲਾ ਜ਼ਿਲੇ ਦੀ ਸਬ-ਡਵੀਜ਼ਨ ਤਪਾ ਮੰਡੀ ਵਿਖੇ ਬਣੇ ਬੱਸ ਸਟੈਂਡ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਇਮਾਰਤ ਨੂੰ ਬਣਾਉਣ ਦੀ ਅਕਾਲੀ ਦਲ ਦੇ ਲੋਕਲ ਲੀਡਰਾਂ ਨੂੰ ਆਪਣੀ ਭਦੌੜ ਸੀਟ ਪੱਕਾ ਕਰਨ ਦੀ ਇੰਨੀ ਜਲਦੀ ਸੀ ਕਿ ਉਨ੍ਹਾਂ ਵੱਲੋਂ ਲੱਗਭਗ 2 ਕਰੋੜ ਰੁਪਏ ਇਸ ਇਮਾਰਤ 'ਤੇ ਲਾਉਣ ਤੋਂ ਪਹਿਲਾਂ ਇਹ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ  ਕਿ ਜਿਸ ਜਗ੍ਹਾ ਨੂੰ ਬਣਾਇਆ ਜਾ ਰਿਹਾ ਹੈ, ਉਹ ਜਗ੍ਹਾ ਇਸ ਦੇ ਕਾਬਲ ਹੈ ਵੀ ਜਾਂ ਨਹੀਂ, ਕਿਉਂਕਿ ਉਸ ਜਗ੍ਹਾ 'ਤੇ ਕੁਝ ਸਮਾਂ ਪਹਿਲਾਂ ਵੱਡਾ ਛੱਪੜ ਹੁੰਦਾ ਸੀ, ਜਿਸ ਨੂੰ ਇਕ ਪ੍ਰਾਈਵੇਟ ਫ਼ੈਕਟਰੀ ਵਿਚੋਂ ਨਿਕਲਣ ਵਾਲੀ ਸੁਆਹ ਨਾਲ ਭਰਿਆ ਹੋਣ ਕਰ ਕੇ ਉਹ ਜਗ੍ਹਾ ਉਪਰ ਤੋਂ ਤਾਂ ਸੁੱਕੀ ਲੱਗ ਰਹੀ ਸੀ ਪਰ ਨੀਹਾਂ ਪੁੱਟਣ ਸਮੇਂ ਹੇਠਾਂ ਤੋਂ ਪਾਣੀ ਨਿਕਲ ਆਇਆ ਸੀ, ਜੋ ਦਲ-ਦਲ ਦਾ ਰੂਪ ਧਾਰੀ ਬੈਠਾ ਸੀ ।
ਜਿਸ ਨੂੰ ਦੇਖ ਕੇ ਉਸ ਸਮੇਂ ਹੀ ਜਾਪਣ ਲੱਗ ਪਿਆ ਸੀ ਕਿ ਇਹ ਇਮਾਰਤ ਜ਼ਿਆਦਾ ਸਮੇਂ ਦੀ ਮੁਥਾਜ ਨਹੀਂ ਹੈ। ਅਸਲ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਸਿਰਫ਼ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਸਰਕਾਰ ਵੱਲੋਂ ਆਪਣੇ ਜਥੇਦਾਰਾਂ ਤੇ ਲੋਕਲ ਲੀਡਰਾਂ ਨੂੰ ਕਰੋੜਾਂ ਰੁਪਏ ਭੇਜ ਕੇ ਇਹ ਦੇਖਣਾ ਜ਼ਰੂਰੀ ਨਹੀਂ ਸਮਝਿਆ ਕਿ ਰੁਪਇਆਂ ਦੀ ਵਰਤੋਂ ਸਹੀ ਹੋ ਰਹੀ ਹੈ ਜਾਂ ਨਹੀਂੇ। ਇਸ ਤੋਂ ਇਲਾਵਾ ਇਸ ਇਮਾਰਤ ਨੂੰ ਬਣਿਆਂ ਲੱਗਭਗ 6 ਮਹੀਨੇ ਬੀਤ ਚੁੱਕੇ ਹਨ ਪਰ ਅੱਜ ਤੱਕ ਇਸਦਾ ਉਦਘਾਟਨ ਨਹੀਂ ਕੀਤਾ ਗਿਆ। 
ਹੁਣ ਬਾਦਲਾਂ ਤੋਂ ਕੌਣ ਪੁੱਛੇ ਕਿ ਜੇਕਰ ਇਸ ਇਮਾਰਤ ਦੀ ਜ਼ਰੂਰਤ ਹੀ ਨਹੀਂ ਸੀ ਤਾਂ ਸਰਕਾਰੀ ਖ਼ਜ਼ਾਨੇ 'ਤੇ ਕਰੋੜਾਂ ਰੁਪਏ ਦਾ ਬੋਝ ਕਿਉਂ ਪਾਇਆ ਗਿਆ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਸਰਕਾਰ ਵੱਲੋਂ ਇਸ ਬੱਸ ਸਟੈਂਡ ਨੂੰ ਕਦੋਂ ਸ਼ੁਰੂ ਕੀਤਾ ਜਾਵੇਗਾ ਤੇ ਇਸ ਵਿਚ ਹੋਏ ਘਪਲੇ ਦੀ ਜਾਂਚ ਕਦੋਂ ਹੋਵੇਗੀ। 


Related News