''ਹੌਟ ਸੀਟ'' ਜਲੰਧਰ ਵੈਸਟ ''ਚ ਸ਼ੁਰੂ ਹੋਈ ਵੋਟਿੰਗ, ਦਾਅ ''ਤੇ ਲੱਗੀ ਦਿੱਗਜ ਲੀਡਰਾਂ ਦੀ ਸਾਖ਼

Wednesday, Jul 10, 2024 - 07:37 AM (IST)

''ਹੌਟ ਸੀਟ'' ਜਲੰਧਰ ਵੈਸਟ ''ਚ ਸ਼ੁਰੂ ਹੋਈ ਵੋਟਿੰਗ, ਦਾਅ ''ਤੇ ਲੱਗੀ ਦਿੱਗਜ ਲੀਡਰਾਂ ਦੀ ਸਾਖ਼

ਜਲੰਧਰ (ਵੈੱਬ ਡੈਸਕ): ਵਿਧਾਨ ਸਭਾ ਹਲਕਾ ਜਲੰਧਰ ਵੈਸਟ ਵਿਚ ਜ਼ਿਮਨੀ ਚੋਣਾਂ ਤਹਿਤ ਪੋਲਿੰਗ ਸ਼ੁਰੂ ਹੋ ਗਈ ਹੈ ਤੇ ਲੋਕ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣ ਲੱਗ ਪਏ ਹਨ। ਇਸ ਵੇਲੇ ਵਿਧਾਨ ਸਭਾ ਹਲਕਾ ਜਲੰਧਰ ਵੈਸਟ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਚਲੇ ਗਏ ਸਨ। ਭਾਜਪਾ ਵੱਲੋਂ ਉਨ੍ਹਾਂ ਨੂੰ ਮੁੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਦੇ ਪੁੱਤਰ ਅਤੇ ਪਿਛਲੀਆਂ ਚੋਣਾਂ 'ਚ ਭਾਜਪਾ ਵੱਲੋਂ ਚੋਣ ਲੜ ਚੁੱਕੇ ਮੋਹਿੰਦਰ ਭਗਤ 'ਤੇ ਦਾਅ ਖੇਡਿਆ ਗਿਆ ਹੈ। ਇਹ ਸੀਟ ਇਸ ਲਈ ਵੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਕਿਰਾਏ 'ਤੇ ਘਰ ਲੈ ਕੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਉਨ੍ਹਾਂ ਦੇ ਨਾਲ ਕਈ ਕੈਬਨਿਟ ਮੰਤਰੀਆਂ ਨੇ ਵੀ ਜਲੰਧਰ ਵੈਸਟ 'ਚ ਹੀ ਡੇਰੇ ਲਾਏ ਹੋਏ ਹਨ। ਉੱਥੇ ਹੀ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪਿਓ ਦੀ ਮੌਤ ਮਗਰੋਂ ਮਾਂ ਦਾ ਸਹਾਰਾ ਬਣਨ ਵਿਦੇਸ਼ ਜਾਣਾ ਚਾਹੁੰਦੀ ਸੀ ਧੀ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼

ਇਸ ਵਿਧਾਨ ਸਭਾ ਹਲਕੇ ਵਿਚ ਕੁੱਲ 171963 ਵੋਟਰਾਂ, ਜਿਨ੍ਹਾਂ ਵਿਚ 89629 ਮਰਦ, 82326 ਔਰਤਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ, ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਹਨ। ਹਲਕੇ ਵਿਚ 10 ਮਾਡਲ ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਪੋਲਿੰਗ ਬੂਥ ਦਾ ਸੰਚਾਲਨ ਸਿਰਫ ਮਹਿਲਾ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ। ਨਿਰਵਿਘਨ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ 872 ਪੋਲਿੰਗ ਸਟਾਫ (ਰਿਜ਼ਰਵ ਸਮੇਤ) ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 96 ਮਾਈਕ੍ਰੋ ਆਬਜ਼ਰਵਰ (ਰਿਜ਼ਰਵ ਸਮੇਤ) ਵੀ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਜਾਣਗੇ।

ਜ਼ਿਲਾ ਚੋਣ ਅਧਿਕਾਰੀ ਡਾ. ਅਗਰਵਾਲ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਸਾਰੇ ਪੋਲਿੰਗ ਬੂਥਾਂ ’ਤੇ ਸਾਰੀਆਂ ਮੁੱਢਲੀਆਂ ਸਹੂਲਤਾਂ ਯਕੀਨੀ ਬਣਾਉਣ ਤੋਂ ਇਲਾਵਾ ਗਰਮੀ ਦੇ ਮੱਦੇਨਜ਼ਰ ਪੀਣ ਵਾਲਾ ਪਾਣੀ, ਛਾਂ, ਸ਼ਾਮਿਆਨੇ, ਛਬੀਲ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਪੀ. ਡਬਲਯੂ. ਡੀ. ਅਤੇ ਹੋਰ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਪੋਲਿੰਗ ਬੂਥਾਂ ’ਤੇ ਵ੍ਹੀਲਚੇਅਰ, ਰੈਂਪ, ਵਾਲੰਟੀਅਰ ਸਮੇਤ ਪਿਕ ਐਂਡ ਡਰਾਪ ਦੀ ਸਹੂਲਤ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸਾਰੇ 181 ਪੋਲਿੰਗ ਬੂਥਾਂ ਦੀ ਵੈੱਬਕਾਸਟਿੰਗ ਕਰਵਾਈ ਜਾ ਰਹੀ ਹੈ, ਜਿਸ ਲਈ ਸਾਰੀਆਂ ਪੋਲਿੰਗ ਲੋਕੇਸ਼ਨਜ਼ ’ਤੇ 218 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਵੈੱਬਕਾਸਟਿੰਗ ਦੀ ਨਿਗਰਾਨੀ ਲਈ ਆਰ. ਓ. ਪੱਧਰ ’ਤੇ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਅਤੇ ਡੀ. ਈ. ਓ. ਪੱਧਰ ’ਤੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 12ਵੀਂ ਦੀ ਵਿਦਿਆਰਥਣ ਨੂੰ ਵਿਆਹ ਲਈ ਮਜਬੂਰ ਕਰਦਾ ਸੀ ਨੌਜਵਾਨ, ਫਿਰ ਕੁੜੀ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਡਾ. ਅਗਰਵਾਲ ਨੇ ਦੱਸਿਆ ਕਿ ਹਲਕੇ ਵਿਚ 51 ਵਲਨਰੇਬਲ ਪੋਲਿੰਗ ਬੂਥ ਹਨ, ਜਿਥੇ ਮਾਈਕ੍ਰੋ ਆਬਜ਼ਰਵਰਾਂ ਦੇ ਨਾਲ-ਨਾਲ ਲੋੜੀਂਦੀ ਸੁਰੱਖਿਆ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ. ਈ. ਓ. ਪੰਜਾਬ ਦੀ ਪਹਿਲ ’ਤੇ ਵੋਟਰਾਂ ਦੀ ਸਹੂਲਤ ਲਈ ਕਿਊ ਇਨਫਾਰਮੇਸ਼ਨ ਸਿਸਟਮ ਜਾਰੀ ਕੀਤਾ ਗਿਆ ਹੈ। ਜ਼ਿਮਨੀ ਚੋਣ ਲਈ ਪੋਲਿੰਗ 10 ਜੁਲਾਈ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਹੋਵੇਗੀ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਚੋਣ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਿਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News