ਹੁਕਮਨਾਮੇ ਦੀ ਅਵੱਗਿਆ ਹੋਣ ਕਾਰਨ ਪਸ਼ਚਾਤਾਪ ਕਰਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਇਆਂ ਪੇਸ਼ : ਵਿਰਸਾ ਸਿੰਘ ਵਲਟੋਹਾ
Wednesday, Jul 06, 2022 - 01:33 AM (IST)
ਅੰਮ੍ਰਿਤਸਰ (ਅਨਜਾਣ) : ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਨੂੰ ਤਨਖਾਹੀਆ ਕਰਾਰ ਦਿੱਤੇ ਚੰਡੀਗੜ੍ਹ ਤੋਂ ਛਪਦੀ ਇਕ ਅਖ਼ਬਾਰ ਦੇ ਸੰਪਾਦਕ ਨੂੰ ਸਮੇਂ-ਸਮੇਂ ਅਖ਼ਬਾਰ ਤੇ ਚੈਨਾਲ ਵਿੱਚ ਇੰਟਰਵਿਊ ਦੇਣ ਤੇ ਖ਼ਬਰਾਂ ਛਪਵਾਉਣ ਸਬੰਧੀ ਸਜ਼ਾ ਲਵਾਉਣ ਲਈ ਬੇਨਤੀ ਪੱਤਰ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਇਸ ਬੇਨਤੀ ਪੱਤਰ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਹੈ ਕਿ ਮੇਰੇ ਕੋਲੋਂ ਜਾਣੇ-ਅਣਜਾਣੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਹੋਣ ਕਾਰਨ ਮੇਰੇ ਮਨ ‘ਤੇ ਭਾਰੀ ਬੋਝ ਹੈ। ਮੈਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਖ਼ਤ ਤੋਂ ਹੋਏ ਹੁਕਮਨਾਮੇ ਦੀ ਅਵੱਗਿਆ ਹੋਣ ਕਾਰਨ ਪਸ਼ਚਾਤਾਪ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : SGPC ਦੀ ਚੋਣ 'ਚ ਦੇਰੀ ਸਮੇਤ ਸੰਸਦ 'ਚ ਚੁੱਕੇ ਜਾਣਗੇ ਕਈ ਅਹਿਮ ਮਾਮਲੇ : ਸਿਮਰਨਜੀਤ ਸਿੰਘ ਮਾਨ
ਉਨ੍ਹਾਂ ਕਿਹਾ ਕਿ 5 ਫਰਵਰੀ 2004 ਨੂੰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਬਾਕੀ ਚਾਰ ਸਿੰਘ ਸਾਹਿਬਾਨ ਵੱਲੋਂ ਉਕਤ ਅਦਾਰੇ ਦੇ ਮੁਖੀ ਤੇ ਸੰਪਾਦਕ ਨੂੰ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ, ਸਿੱਖ ਰਹਿਤ ਮਰਯਾਦਾ, ਸਿੱਖ ਪ੍ਰੰਪਰਾਵਾਂ ਤੇ ਸਿੱਖ ਸੰਸਥਾਵਾਂ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ ਜਿਵੇਂ ਸਿੱਖੀ ਦੇ ਮੁੱਢਲੇ ਸਿਧਾਂਤ, ਨਿਤਨੇਮ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਪੰਚ ਪ੍ਰਧਾਨੀ ਗੁਰਮਤਿ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ, ਮਰਯਾਦਾ ਜਾਰੀ ਕਰਦੇ ਹੋਏ ਹੁਕਮਨਾਮਿਆਂ, ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਤੇ 18ਵੀਂ ਸਦੀ ਦੇ ਗੌਰਵਮਈ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਸਬੰਧੀ ਤੇ ਗੁੰਮਰਾਹਕੁੰਨ ਲਿਖਤਾਂ ਪ੍ਰਕਾਸ਼ਿਤ ਕਰਨ ਕਰਕੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਜਿਸ ਲਈ ਨਾ ਤਾਂ ਉਹ ਸੰਪਾਦਕ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਇਆ ਤੇ ਨਾ ਹੀ ਉੇਸ ਨੇ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਮੰਗੀ, ਜਦੋਂ ਕਿ 10 ਮਾਰਚ 2004 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਕਤ ਸੰਪਾਦਕ ਨੂੰ ਸਿੱਖ ਪੰਥ ‘ਚੋਂ ਖਾਰਜ ਕਰਨ ਦਾ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸਿਟੀ ਆਫ਼ ਟੋਰਾਂਟੋ ਦਾ ਅਹਿਮ ਫੈਸਲਾ: ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ
ਉਨ੍ਹਾਂ ਕਿਹਾ ਕਿ ਮੈਂ ਉਕਤ ਸੰਪਾਦਕ ਦੀ ਅਖ਼ਬਾਰ ਤੇ ਚੈਨਲ ਵਿੱਚ ਇੰਟਰਵਿਊ ਦੇ ਨਾਲ-ਨਾਲ ਆਪਣੇ ਬਿਆਨ ਵੀ ਦਿੰਦਾ ਰਿਹਾ ਹਾਂ। ਇਸ ਲਈ ਮੈਨੂੰ ਮੇਰੇ ਵੱਲੋਂ ਹੋਈ ਅਵੱਗਿਆ ਕਾਰਨ ਪਛਚਾਤਾਪ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਰਹੁ-ਰੀਤਾਂ ਮੁਤਾਬਕ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਮੇਰੇ ਵੱਲੋਂ ਹੁਕਮਨਾਮੇ ਦੀ ਉਲੰਘਣਾ ਹੋਈ, ਉਸੇ ਤਰ੍ਹਾਂ ਹੋਰ ਵੀ ਰਾਜਨੀਤਕ, ਸਮਾਜਿਕ ਤੇ ਧਾਰਮਿਕ ਹਸਤੀਆਂ ਵੱਲੋਂ ਇਸ ਅਦਾਰੇ ਨਾਲ ਸਾਂਝ ਰੱਖਣ ਲਈ ਅਵੱਗਿਆ ਹੋਈ ਹੈ। ਇਸ ਅਦਾਰੇ ਕੋਲ ਨੌਕਰੀ ਕਰਕੇ ਕੁਝ ਪੱਤਰਕਾਰ ਵੀ ਹੁਕਮਨਾਮੇ ਦੀ ਅਵੱਗਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਹੁਕਮਨਾਮੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਇਹ ਵੀ ਪੜ੍ਹੋ : Breaking: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਨੂੰ ਖਰੜ ਤੋਂ ਅੰਮ੍ਰਿਤਸਰ ਲਿਆਂਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ