ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ ਨਾਲ ਸਬੰਧਿਤ ਮਹਿਕਮਿਆਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

11/24/2020 3:07:22 PM

ਚੰਡੀਗੜ੍ਹ : ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਰਾਜ ਸੁਧਾਰ ਕਾਰਜ ਯੋਜਨਾ (ਐਸ. ਆਰ. ਏ. ਪੀ.) 2020-21 ਨਾਲ ਸਬੰਧਤ ਮਹਿਕਮਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨਿਕ ਸਕੱਤਰਾਂ ਨੂੰ ਡੀ. ਪੀ. ਆਈ. ਆਈ. ਟੀ. ਵੱਲੋਂ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਨਿਯਮਾਂ ਦੀ ਪਾਲਣਾ ਕਰਨ ਅਤੇ 31 ਦਸੰਬਰ, 2020 ਤੱਕ ਟੀਚੇ ਮੁਕੰਮਲ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਸਕੱਤਰ ਨੇ ਮਹਿਕਮਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦੇ ਸੂਬੇ ਦੇ ਮਕਸਦ ਦੀ ਤਰਜ਼ 'ਤੇ ਆਮ ਜਨਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਦੇਣੀਆਂ ਯਕੀਨੀ ਬਣਾਉਣ ਲਈ ਆਪਣੀ ਕੁਸ਼ਲਤਾ ਵਾਧਾ ਕਰਨ। ਇਹ ਸੁਧਾਰ ਉਦਯੋਗ ਅਤੇ ਅੰਦਰੂਨੀ ਵਪਾਰ ਮਹਿਕਮਾ (ਡੀ. ਪੀ. ਆਈ. ਆਈ. ਟੀ.), ਭਾਰਤ ਸਰਕਾਰ ਵੱਲੋਂ ਰਾਜ ਸੁਧਾਰ ਕਾਰਜ ਯੋਜਨਾ (ਐਸ. ਆਰ. ਏ. ਪੀ.) 2020-21 ਦੇ ਹਿੱਸੇ ਵਜੋਂ ਸੁਝਾਏ ਗਏ ਹਨ।

ਵਿੰਨੀ ਮਹਾਜਨ ਨੇ ਸਬੰਧਤ ਮਹਿਕਮਿਆਂ ਨੂੰ 'ਉਦਯੋਗ ਸੰਪਰਕ' ਮੁਹਿੰਮ ਦੀ ਲੜੀ ਤਹਿਤ ਸੂਬੇ ਅਤੇ ਜ਼ਿਲ੍ਹਾ ਦੋਵਾਂ ਪੱਧਰਾਂ 'ਤੇ ਉਦਯੋਗਾਂ ਤੱਕ ਪਹੁੰਚ ਲਈ ਵਰਕਸ਼ਾਪਾਂ/ ਮੀਟਿੰਗਾਂ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਉਨ੍ਹਾਂ ਦੇ ਮਹਿਕਮਿਆਂ ਨਾਲ ਸਬੰਧਿਤ ਕਾਰਜਾਂ ਅਤੇ ਸੇਵਾਵਾਂ ਲਈ ਵਿਆਪਕ ਉਪਭੋਗਤਾ ਪਹੁੰਚ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਇਆ ਜਾ ਸਕੇ। ਵਿੰਨੀ ਮਹਾਜਨ ਨੇ ਉਦਯੋਗਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਮਹਿਕਮਿਆਂ ਅਤੇ ਏਜੰਸੀਆਂ ਦੇ ਕਈ ਇਲੈਕਟ੍ਰਾਨਿਕ ਇੰਟਰਫੇਸਾਂ ਨੂੰ ਖ਼ਤਮ ਕਰਨ ਅਤੇ 'ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ' ਨੂੰ ਯੂਨੀਫਾਈਡ ਪੋਰਟਲ ਵਜੋਂ ਵਰਤਣ ਅਤੇ 30 ਨਵੰਬਰ, 2020 ਤੱਕ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। 


Babita

Content Editor

Related News