ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਬੋਲੋ- ਸਿਆਸਤਦਾਨ ਤੋਂ ਜ਼ਿਆਦਾ ਮੈਂ ਖ਼ੁਦ ਨੂੰ ਸਮਾਜ ਸੇਵੀ ਮੰਨਦਾ ਹਾਂ
Thursday, Oct 13, 2022 - 12:10 PM (IST)
ਚੰਡੀਗੜ੍ਹ : ਸਿਆਸਤ ਤੇ ਸਮਾਜ ਸੇਵਾ ’ਚ ਬਹੁਤ ਘੱਟ ਲੋਕ ਤਾਲਮੇਲ ਬਿਠਾ ਸਕਦੇ ਹਨ ਕਿਉਂਕਿ ਦੋਵੇਂ ਨਿੱਜੀ ਸਮੇਂ ਦੀ ਮੰਗ ਕਰਦੇ ਹਨ ਪਰ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਉਨ੍ਹਾਂ ਚੋਣਵੇਂ ਲੋਕਾਂ ਵਿਚੋਂ ਹਨ, ਜੋ ਸਿਆਸਤ ਦੇ ਨਾਲ-ਨਾਲ ਸਮਾਜ ਸੇਵਾ ਨੂੰ ਵੀ ਭਰਪੂਰ ਸਮਾਂ ਦਿੰਦੇ ਹਨ। ਫਿਰ ਭਾਵੇਂ ਉਹ ਅਫਗਾਨਿਸਤਾਨ ’ਚ ਤਾਲਿਬਾਨ ਰਾਜ ਦੌਰਾਨ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਭਾਰਤ ਲਿਆਉਣ ਦਾ ਮਾਮਲਾ ਹੋਵੇ ਜਾਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਰੋਜ਼ਗਾਰ ਦੀ ਮੁਹਾਰਤ ਪ੍ਰਦਾਨ ਕਰਨਾ, ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਇਲਾਜ ਤੋਂ ਬਾਅਦ ਮੁੱਖ ਧਾਰਾ ’ਚ ਲਿਆਉਣ ਦਾ ਕੰਮ ਹੋਵੇ ਜਾਂ ਫਿਰ ਗਰੀਬ ਘਰਾਂ ਦੇ ਹੋਣਹਾਰ ਬੱਚਿਆਂ ਨੂੰ ਉੱਚ ਸਿੱਖਿਆ ਵੱਲ ਲਿਜਾਣਾ। ਪੰਜਾਬ ਨਾਲ ਸਬੰਧਤ ਇਨ੍ਹਾਂ ਹੀ ਕਈ ਮੁੱਦਿਆਂ ’ਤੇ ਜਗ ਬਾਣੀ ਦੇ ਰਮਨਜੀਤ ਸਿੰਘ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਗੱਲਬਾਤ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼–
ਸਵਾਲ- ਪੰਜਾਬ ਤੇ ਦਿੱਲੀ, ਦੋਵੇਂ ਹੀ ਸੂਬੇ ਦੇਸ਼ ਦੀਆਂ ਸਿਆਸੀ ਚਰਚਾਵਾਂ ’ਚ ਸ਼ਾਮਲ ਹਨ ਅਤੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਵੀ ਤਿੱਖੀ ਹੈ। ਅਜਿਹੀ ਸਮੇਂ ’ਚ ਵੀ ਤੁਹਾਡੇ ਵੱਲੋਂ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਹੁੰਦੀ, ਕੀ ਕਾਰਨ ਹੈ?
ਜਵਾਬ- ਅਜਿਹਾ ਇਸ ਲਈ ਹੈ ਕਿ ਮੈਂ ਸਿਆਸਤਦਾਨ ਤੋਂ ਜ਼ਿਆਦਾ ਖ਼ੁਦ ਨੂੰ ਸਮਾਜ ਸੇਵਕ ਮੰਨਦਾ ਹਾਂ। ਮੈਂ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਸਮਝਣ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ। ਬਹੁਤ ਸਾਰੇ ਮਸਲੇ ਹਨ, ਜਿਨ੍ਹਾਂ ਦਾ ਗੱਲਬਾਤ ਕਰ ਕੇ ਹੀ ਹੱਲ ਨਿਕਲ ਆਇਆ। ਇਨ੍ਹਾਂ ਵਿਚ ਭਾਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਰਜੇ ਨੂੰ ਪਹਿਲਾਂ ਵਾਲਾ ਬਣਾਈ ਰੱਖਣ ਦਾ ਮਾਮਲਾ ਹੋਵੇ ਜਾਂ ਫਿਰ ਤਾਜ਼ਾ-ਤਰੀਨ ਹਲਵਾਰਾ ਏਅਰਪੋਰਟ ’ਤੇ ਮੁੜ ਕੰਮ ਸ਼ੁਰੂ ਕਰਵਾਉਣ ਦਾ। ਪੰਜਾਬ ਦੇ ਹਿੱਤ ’ਚ ਪੂਰੇ ਜ਼ੋਰ-ਸ਼ੋਰ ਨਾਲ ਅਤੇ ਤੱਥਾਂ ਦੇ ਆਧਾਰ ’ਤੇ ਕੇਸ ਰੱਖੇ ਗਏ ਹਨ।
ਸਵਾਲ- ਰਾਜ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਤੁਸੀਂ 22 ਦੇਸ਼ਾਂ ’ਚ ਸਰਗਰਮ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਮੁਖੀ ਹੋ, ਕਈ ਕੌਮੀ ਤੇ ਕੌਮਾਂਤਰੀ ਵਪਾਰ ਸੰਗਠਨਾਂ ਦੇ ਵੀ ਅਹੁਦੇਦਾਰ ਰਹੇ ਹੋ, ਨੌਜਵਾਨਾਂ ਨੂੰ ਰੋਜ਼ਗਾਰ-ਮੁਖੀ ਬਣਾਉਣ ਦਾ ਵੀ ਯਤਨ ਸ਼ੁਰੂ ਕੀਤਾ ਹੈ। ਇਸ ਸਭ ਦੇ ਲਈ ਸਿਆਸਤ ’ਚ ਵੀ ਸਮਾਂ ਕਿਵੇਂ ਕੱਢਦੇ ਹੋ?
ਜਵਾਬ- ਮੇਰੇ ਲਈ ਸਿਆਸਤ ਤੋਂ ਪਹਿਲਾਂ ਸਮਾਜ ਤੇ ਭਾਈਚਾਰਾ ਹੈ। ਇਸੇ ਨੇ ਮੈਨੂੰ ਇਸ ਲਾਇਕ ਬਣਾਇਆ ਹੈ ਕਿ ਮੈਂ ਅੱਜ ਆਪਣੇ ਮਿਹਨਤੀ ਸਾਥੀਆਂ ਦੇ ਸਹਿਯੋਗ ਨਾਲ ਸਮਾਜ ਲਈ ਵੀ ਕੁਝ ਕਰ ਰਿਹਾ ਹਾਂ ਅਤੇ ਇਸ ਦੇ ਲਈ ਸਮਾਂ ਹੀ ਸਮਾਂ ਹੈ। ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਗੱਲ ਹੈ ਤਾਂ ਮੈਂ ਪੰਜਾਬ ਦੇ ਦਰਦ ਨੂੰ ਸਮਝਦਾ ਹਾਂ ਅਤੇ ਇਸੇ ਲਈ ਸਾਡੀ ਸੰਸਥਾ ਵੱਲੋਂ 5 ਸਕਿਲ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ’ਚ ਸੈਂਟਰ ਚੱਲ ਰਿਹਾ ਹੈ, ਜਿੱਥੇ ਲਗਭਗ 1000 ਨੌਜਵਾਨਾਂ ਨੂੰ ਟਰੇਂਡ ਕੀਤਾ ਜਾ ਚੁੱਕਾ ਹੈ ਅਤੇ ਕੁਝ ਦਿਨਾਂ ’ਚ ਉਨ੍ਹਾਂ ਸਾਰਿਆਂ ਦੀ ਵੱਖ-ਵੱਖ ਕੰਪਨੀਆਂ ’ਚ ਨੌਕਰੀ ਲੱਗਣ ਵਾਲੀ ਹੈ। ਅਜਿਹੇ ਹੀ ਸੈਂਟਰ ਲੁਧਿਆਣਾ, ਸੰਗਰੂਰ, ਬਠਿੰਡਾ ਤੇ ਫਰੀਦਕੋਟ ’ਚ ਵੀ ਸ਼ੁਰੂ ਹੋਣ ਵਾਲੇ ਹਨ। ਇਨ੍ਹਾਂ ਸਾਰਿਆਂ ਵਿਚ ਪੰਜਾਬ ਦੀ ਇੰਡਸਟ੍ਰੀ ਦੀ ਲੋੜ ਮੁਤਾਬਕ ਨੌਜਵਾਨਾਂ ਨੂੰ ਕੋਰਸ ਕਰਵਾ ਕੇ ਟਰੇਂਡ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਲਈ ਆਪਣੇ ਘਰਾਂ ਤੋਂ ਜ਼ਿਆਦਾ ਦੂਰ ਨਾ ਜਾਣਾ ਪਵੇ ਅਤੇ ਨਾਲ ਹੀ ਪੰਜਾਬ ਦੀ ਇੰਡਸਟ੍ਰੀ ਨੂੰ ਵੀ ਹੁਨਰਮੰਦ ਵਰਕਫੋਰਸ ਮਿਲੇ।
ਸਵਾਲ- ਪੰਜਾਬ ਵਰਗੀ ਲੈਂਡ-ਲਾਕਡ ਸਟੇਟ ’ਚ ਪਿਛਲੀਆਂ ਸਰਕਾਰਾਂ ਨੇ ਵੀ ਇੰਡਸਟ੍ਰੀ ਲਾਉਣ ਦੇ ਬਹੁਤ ਯਤਨ ਕੀਤੇ ਪਰ ਜ਼ਿਆਦਾ ਬਦਲਾਅ ਨਹੀਂ ਆਇਆ। ਹੁਣ ਕੀ ਉਮੀਦ ਹੈ?
ਜਵਾਬ- ਅਜਿਹਾ ਨਹੀਂ ਹੈ ਕਿ ਇੰਡਸਟ੍ਰੀਅਲਿਸਟ ਪੰਜਾਬ ’ਚ ਕੰਮ ਨਹੀਂ ਕਰਨਾ ਚਾਹੁੰਦੇ। ਕਈ ਹੋਰ ਥਾਵਾਂ ਨਾਲੋਂ ਕਿਤੇ ਵਧੀਆ ਮਾਹੌਲ ਪੰਜਾਬ ਵਿਚ ਹੈ। ਬਹੁਤ ਸਾਰੇ ਗਰੁੱਪ ਅਜਿਹੇ ਹਨ ਜੋ ਨਿਵੇਸ਼ ਬਾਰੇ ਸੋਚ ਰਹੇ ਹਨ। ਪਿਛਲੀਆਂ ਸਰਕਾਰਾਂ ਦਾ ਤਾਂ ਪਤਾ ਨਹੀਂ ਪਰ ਮੌਜੂਦਾ ਸਰਕਾਰ ਈਮਾਨਦਾਰੀ ਨਾਲ ਯਤਨ ਕਰ ਰਹੀ ਹੈ ਅਤੇ ਜਲਦੀ ਹੀ ਨਵੀਂ ਇੰਡਸਟ੍ਰੀਅਲ ਪਾਲਿਸੀ ਲਿਆਉਣ ਵਾਲੀ ਹੈ, ਜਿਸ ਨਾਲ ਕਾਫੀ ਕੁਝ ਸਪਸ਼ਟ ਹੋ ਜਾਵੇਗਾ। ਖੁਦ ਬਿਜ਼ਨੈੱਸਮੈਨ ਹੋਣ ਦੇ ਨਾਤੇ ਪੰਜਾਬ ਦੇ ਬਹੁਤ ਸਾਰੇ ਇੰਡਸਟ੍ਰੀਅਲਿਸਟਾਂ ਨਾਲ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਜੋ ਵੀ ਪ੍ਰੇਸ਼ਾਨੀਆਂ ਇੰਡਸਟ੍ਰੀ ਨੂੰ ਪੇਸ਼ ਆ ਰਹੀਆਂ ਹਨ, ਜਿਨ੍ਹਾਂ ਵਿਚ ਟਰਾਂਸਪੋਰਟੇਸ਼ਨ, ਕੁਨੈਕਟੀਵਿਟੀ ਵਰਗੇ ਕੁਝ ਮੁੱਦੇ ਵੀ ਸ਼ਾਮਲ ਹੈ, ਉਨ੍ਹਾਂ ਨੂੰ ਦੂਰ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਰਸਤਾ ਲੰਮਾ ਜ਼ਰੂਰ ਹੈ ਪਰ ਲਗਾਤਾਰ ਯਤਨ ਕਰਨ ਨਾਲ ਇਹ ਵੀ ਤੈਅ ਹੋ ਜਾਵੇਗਾ, ਇਸ ਗੱਲ ਦਾ ਪੱਕਾ ਯਕੀਨ ਹੈ।
ਪੰਜਾਬ ’ਚ ਐਗਰੋ ਬੇਸਡ ਇੰਡਸਟ੍ਰੀ ਦਾ ਬਹੁਤ ਸਕੋਪ ਹੈ, ਜਿਸ ਦੇ ਲਈ ਹੁਣੇ ਜਿਹੇ ਮੇਰੀ ਦੁਬਈ ਬੇਸਡ ਲੁਲੂ ਗਰੁੱਪ ਦੇ ਮਾਲਕ ਨਾਲ ਗੱਲ ਹੋਈ ਹੈ। ਉਹ ਜਲਦੀ ਹੀ ਮੋਹਾਲੀ ’ਚ ਫਰੂਟਸ ਐਂਡ ਵੈਜੀਟੇਬਲਸ ਬੇਸਡ ਯੂਨਿਟ ਲਾਉਣ ਦੀ ਹਾਮੀ ਭਰ ਚੁੱਕੇ ਹਨ। 250 ਦੇ ਲਗਭਗ ਮਾਲ ਚਲਾਉਣ ਵਾਲਾ ਲੁਲੂ ਗਰੁੱਪ ਮੋਹਾਲੀ ’ਚ ਮਾਲ ਵੀ ਬਣਾਉਣ ਲਈ ਰਾਜ਼ੀ ਹੋ ਗਿਆ। ਇਸ ਨਾਲ ਲਗਭਗ 10 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਅਜਿਹੇ ਹੀ ਕੁਝ ਹੋਰ ਵੀ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ’ਚ ਰੋਜ਼ਗਾਰ ਦੇ ਲੋੜੀਂਦੇ ਮੌਕੇ ਹਾਸਲ ਕੀਤੇ ਜਾ ਸਕਣ ਅਤੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਜਾਣ ਤੋਂ ਰੋਕਿਆ ਜਾ ਸਕੇ।
ਸਵਾਲ- ਪਰ ਪੰਜਾਬ ’ਚ ਨੌਜਵਾਨ ਵਰਗ ’ਤੇ ਹੀ ਤਾਂ ਸਭ ਤੋਂ ਵੱਡਾ ਖਤਰਾ ਡਰੱਗਜ਼ ਦੇ ਰੂਪ ’ਚ ਮੰਡਰਾ ਰਿਹਾ ਹੈ। ਇਸ ਬਾਰੇ ਕੀ ਕਹੋਗੇ?
ਜਵਾਬ- ਇਸ ਦਿੱਕਤ ਦੇ ਹੱਲ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਸਾਡੀ ਸੰਸਥਾ ਵੱਲੋਂ ਨਾ ਸਿਰਫ ਨੌਜਵਾਨਾਂ ਨੂੰ ਡਰੱਗਜ਼ ਤੋਂ ਛੁਟਕਾਰਾ ਦਿਵਾਉਣ ਲਈ ਇਲਾਜ ਕੀਤਾ ਜਾ ਰਿਹਾ ਹੈ, ਸਗੋਂ ਇਸੇ ਇਲਾਜ ਦੌਰਾਨ ਉਨ੍ਹਾਂ ਨੂੰ ਰੋਜ਼ਗਾਰ ਲਈ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਇਲਾਜ ਤੋਂ ਬਾਅਦ ਉਹ ਵਿਹਲੇ ਬੈਠ ਕੇ ਮੁੜ ਨਸ਼ਿਆਂ ਵੱਲ ਜਾਣ ਦੀ ਬਜਾਏ ਆਪਣੀ ਰੋਜ਼ੀ-ਰੋਟੀ ਕਮਾਉਣ ’ਚ ਰੁੱਝ ਜਾਣ। ਇਸ ਦੇ ਲਈ ਸਾਡੇ ਵੱਲੋਂ ਅੰਮ੍ਰਿਤਸਰ, ਜਲੰਧਰ ਤੇ ਤਰਨਤਾਰਨ ’ਚ ਡਰੱਗ ਰਿਹੈਬਲੀਟੇਸ਼ਨ ਸੈਂਟਰ ਚਲਾਏ ਜਾ ਰਹੇ ਹਨ।
ਸਵਾਲ- ਚੰਗਾ ਕੰਮ ਕਰਨ ਦਾ ਜਜ਼ਬਾ ਰੱਖਣ ਵਾਲਿਆਂ ਲਈ ਸ਼ੁਰੂ ਕੀਤੀ ਹੈ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਸਕਾਲਰਸ਼ਿਪ । ਕੀ ਚੰਗਾ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹ ਦੇਣ ਲਈ ਵੀ ਕੁਝ ਹੈ?
ਜਵਾਬ- ਜੀ ਬਿਲਕੁਲ ਹੈ। ਜ਼ਿੰਦਗੀ ’ਚ ਚੰਗਾ ਕਰ ਕੇ ਅੱਗੇ ਵਧਣ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਲਈ ਹੀ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਮੈਨੂੰ ਰਾਜ ਸਭਾ ਤੋਂ ਮਿਲਣ ਵਾਲੀ ਸਾਰੀ ਤਨਖਾਹ ਅਤੇ ਓਨੀ ਹੀ ਹੋਰ ਰਕਮ ਪਾ ਕੇ ਹਰ ਮਹੀਨੇ ਫੰਡ ਨੂੰ ਵਧਾਇਆ ਜਾ ਰਿਹਾ ਹੈ। ਅਜੇ ਤਕ ਇਕ ਬੇਟੀ ਦੀ ਡਾਕਟਰੀ ਦੀ ਪੜ੍ਹਾਈ ਲਈ ਅਤੇ ਇਕ ਬੇਟੀ ਨੂੰ ਪਾਇਲਟ ਬਣਾਉਣ ਲਈ ਚੁਣਿਆ ਗਿਆ ਹੈ।
ਸਵਾਲ- ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਬਣਨ ਤੋਂ ਬਾਅਦ ਸਿੱਖ ਤੇ ਹਿੰਦੂ ਪਰਿਵਾਰਾਂ ’ਤੇ ਮੁਸੀਬਤ ਪੈਣ ’ਤੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਹਰ ਪੰਜਾਬੀ ਨੇ ਨਾ ਸਿਰਫ ਪੰਜਾਬ ਵਿਚ, ਸਗੋਂ ਦੁਨੀਆ ਭਰ ਵਿਚ ਸਲਾਹਿਆ ਹੈ। ਇਸ ਕੌਮਾਂਤਰੀ ਮਾਮਲੇ ਨਾਲ ਆਪਣੇ ਜੁੜਨ ਬਾਰੇ ਦੱਸੋ।
ਜਵਾਬ- ਪੰਜਾਬੀ ਭਾਈਚਾਰੇ ਨੇ ਬਹੁਤ ਸਾਰੀਆਂ ਮੁਸੀਬਤਾਂ ਝੱਲੀਆਂ ਹਨ ਪਰ ਹਮੇਸ਼ਾ ਇਕ-ਦੂਜੇ ਦਾ ਸਹਾਰਾ ਬਣ ਕੇ ਹਰ ਮੁਸੀਬਤ ਨੂੰ ਪਾਰ ਕੀਤਾ ਹੈ। ਬੀਤੇ ਸਮੇਂ ਦੀਆਂ ਗੱਲਾਂ ਨੇ ਮੈਨੂੰ ਵੀ ਪ੍ਰੇਰਿਤ ਕੀਤਾ ਜਦੋਂ ਅਫਗਾਨਿਸਤਾਨ ’ਚ ਸਿੱਖ ਤੇ ਹਿੰਦੂ ਪਰਿਵਾਰਾਂ ’ਤੇ ਹਮਲੇ ਹੋਣ ਦੀਆਂ ਖਬਰਾਂ ਆਈਆਂ। ਕੇਂਦਰ ਸਰਕਾਰ ਨੂੰ ਅਪੀਲ ਕਰ ਕੇ ਆਪਣੇ ਖਰਚੇ ’ਤੇ 3 ਹਵਾਈ ਜਹਾਜ਼ਾਂ ਦਾ ਇੰਤਜ਼ਾਮ ਕੀਤਾ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ 600 ਪਰਿਵਾਰਾਂ ਨੂੰ ਰਾਜ਼ੀ-ਖੁਸ਼ੀ ਭਾਰਤ ਲਿਆਉਣ ’ਚ ਕਾਮਯਾਬੀ ਹਾਸਲ ਹੋਈ। ਹੁਣ ਉਨ੍ਹਾਂ ਹੀ ਪਰਿਵਾਰਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ’ਚ ਮਦਦ ਕੀਤੀ ਜਾ ਰਹੀ ਹੈ, ਖਾਸ ਤੌਰ ’ਤੇ ਬੱਚਿਆਂ ਦੀ ਪੜ੍ਹਾਈ-ਲਿਖਾਈ ਪੂਰੀ ਕਰਨ ’ਚ। ਇੰਝ ਕਰ ਕੇ ਹੀ ਅਸੀਂ ਆਪਣੇ ਸਮਾਜ ਨੂੰ ਬਿਹਤਰ ਬਣਾ ਸਕਦੇ ਹਾਂ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।