ਸਾਹਨੇਵਾਲ ’ਚ ਆਪਣਾ ਸਿਆਸੀ ਕੱਦ ਵਧਾਉਣ ਲੱਗੇ ਵਿਕਰਮ ਬਾਜਵਾ

Friday, Jul 24, 2020 - 04:46 PM (IST)

ਸਾਹਨੇਵਾਲ ’ਚ ਆਪਣਾ ਸਿਆਸੀ ਕੱਦ ਵਧਾਉਣ ਲੱਗੇ ਵਿਕਰਮ ਬਾਜਵਾ

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ’ਚ ਕਾਂਗਰਸ ਦੀ ਸਿਆਸਤ 'ਚ ਪਿਛਲੇ ਕੁੱਝ ਮਹੀਨਿਆਂ ਤੋਂ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਅਤੇ ਇੱਥੋਂ ਵਿਧਾਨ ਸਭਾ ਚੋਣ ਲੜ ਚੁੱਕੇ ਪ੍ਰਦੇਸ਼ ਸਕੱਤਰ ਵਿਕਰਮ ਸਿੰਘ ਬਾਜਵਾ ਮੁੜ ਹਲਕੇ ’ਚ ਆਪਣਾ ਸਿਆਸੀ ਕੱਦ ਵਧਾਉਣ 'ਚ ਜੁੱਟ ਗਏ ਹਨ, ਜਿਸ ਤਹਿਤ ਉਹ ਆਪਣੇ ਕਰੀਬੀ ਸਾਥੀ ਦਲਜੀਤ ਸਿੰਘ ਅਟਵਾਲ ਨੂੰ ਸਾਹਨੇਵਾਲ ਮਾਰਕਿਟ ਦੇ ਚੇਅਰਮੈਨ ਦਾ ਅਹੁਦਾ ਦਿਵਾਉਣ ’ਚ ਸਫ਼ਲ ਰਹੇ।
 ਇਲਾਕੇ ਦੇ ਕਈ ਕਾਂਗਰਸੀ ਆਗੂ ਸਾਹਨੇਵਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਦੌੜ ’ਚ ਸਨ ਅਤੇ ਇੱਥੋਂ 2017 ’ਚ ਵਿਧਾਨ ਸਭਾ ਚੋਣ ਲੜ ਚੁੱਕੀ ਸਤਵਿੰਦਰ ਕੌਰ ਬਿੱਟੀ ਆਪਣੇ ਕਰੀਬੀ ਆਗੂ ਨੂੰ ਇਹ ਅਹੁਦਾ ਦਿਵਾਉਣਾ ਚਾਹੁੰਦੇ ਸਨ ਪਰ ਪ੍ਰਦੇਸ਼ ਸਕੱਤਰ ਵਿਕਰਮ ਸਿੰਘ ਬਾਜਵਾ ਅਤੇ ਹਲਕੇ ਦੇ ਹੋਰ ਕਾਂਗਰਸੀ ਆਗੂਆਂ ਨੇ ਹਾਈਕਮਾਂਡ ਤੱਕ ਪਹੁੰਚ ਕਰਕੇ ਇਹ ਅਹੁਦਾ ਦਲਜੀਤ ਅਟਵਾਲ ਨੂੰ ਦਿਵਾਉਣ 'ਚ ਸਫ਼ਲਤਾ ਹਾਸਲ ਕੀਤੀ, ਜਿਸ ਕਾਰਨ ਹਲਕੇ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਪਈਆਂ ਹਨ।

2017 ’ਚ ਵਿਧਾਨ ਸਭਾ ਦੇ ਉਮੀਦਵਾਰ ਵੱਜੋਂ ਟਿਕਟ ਨਾ ਮਿਲਣ ਕਾਰਨ ਵਿਕਰਮ ਸਿੰਘ ਬਾਜਵਾ ਨੇ ਆਪਣੀਆਂ ਸਰਗਰਮੀਆਂ ਕੁੱਝ ਘਟਾ ਦਿੱਤੀਆਂ ਸਨ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਵੱਲੋਂ ਜਿੱਥੇ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਉੱਥੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਪਿੰਡਾਂ ਦੇ ਦੌਰੇ ਕਰ ਰਹੇ ਹਨ, ਜਿਸ ਕਾਰਨ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਇੰਚਾਰਜ ਸਤਵਿੰਦਰ ਕੌਰ ਬਿੱਟੀ ਤੋਂ ਨਾਰਾਜ਼ ਚੱਲੇ ਆ ਰਹੇ ਕਾਂਗਰਸੀ ਆਗੂ ਵੀ ਮੁੜ ਸਰਗਰਮ ਹੋ ਗਏ, ਜੋ ਕਿ ਵਿਕਰਮ ਬਾਜਵਾ ਦਾ ਡੱਟ ਕੇ ਸਾਥ ਦੇਣ ਲੱਗ ਪਏ ਹਨ।
 ਸਾਹਨੇਵਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਬਣੇ ਆੜ੍ਹਤੀ ਦਲਜੀਤ ਸਿੰਘ ਅਟਵਾਲ, ਜਿਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਉਮੀਦਵਾਰ ਸਤਵਿੰਦਰ ਕੌਰ ਬਿੱਟੀ ਦਾ ਡੱਟ ਕੇ ਸਾਥ ਦਿੱਤਾ ਪਰ ਕੁੱਝ ਸਮੇਂ ਬਾਅਦ ਹੀ ਦੋਵਾਂ ਵਿਚਕਾਰ ਅਜਿਹੇ ਮਤਭੇਦ ਪੈਦਾ ਹੋਏ ਕਿ ਉਹ ਕਾਂਗਰਸ 'ਚ ਸਰਗਰਮ ਤਾਂ ਰਹੇ ਪਰ ਬਿੱਟੀ ਨਾਲ ਜੁੜੀਆਂ ਗਤੀਵਿਧੀਆਂ ਤੋਂ ਕਿਨਾਰਾ ਕਰ ਗਏ।  ਮਾਰਕਿਟ ਕਮੇਟੀ ਸਾਹਨੇਵਾਲ ਦੀ ਚੇਅਰਮੈਨੀ ਲਈ ਉਹ ਸਭ ਤੋਂ ਮਜ਼ਬੂਤ ਦਾਅਵੇਦਾਰ ਸਨ ਅਤੇ ਪ੍ਰਦੇਸ਼ ਸਕੱਤਰ ਵਿਕਰਮ ਸਿੰਘ ਬਾਜਵਾ ਨੇ ਇਹ ਅਹੁਦਾ ਇਲਾਕੇ ਦੇ ਕਾਂਗਰਸੀ ਆਗੂਆਂ ਦੇ ਸਹਿਯੋਗ ਨਾਲ ਕਾਂਗਰਸ ਹਾਈਕਮਾਂਡ ਤੋਂ ਦਿਵਾ ਕੇ ਜਿੱਥੇ ਇਲਾਕੇ 'ਚ ਆਪਣੀ ਸਰਗਰਮ ਭੂਮਿਕਾ ਦਿਖਾਈ, ਉੱਥੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਵੱਡੇ ਦਾਅਵੇਦਾਰੀ ਠੋਕ ਦਿੱਤੀ ਹੈ।

ਦਲਜੀਤ ਸਿੰਘ ਅਟਵਾਲ ਨੂੰ ਚੇਅਰਮੈਨੀ ਦਾ ਅਹੁਦਾ ਮਿਲਣ ਤੋਂ ਬਾਅਦ ਕਾਂਗਰਸੀ ਆਗੂ ਤੇ ਵਰਕਰ ਵੀ ਵਿਕਰਮ ਸਿੰਘ ਬਾਜਵਾ ਨੂੰ ਆਉਣ ਵਾਲੀਆਂ ਚੋਣਾਂ ਲਈ ਮਜ਼ਬੂਤ ਉਮੀਦਵਾਰ ਵੱਜੋਂ ਦੇਖ ਰਹੇ ਹਨ ਕਿਉਂਕਿ ਹਲਕਾ ਸਾਹਨੇਵਾਲ ’ਚ ਪਿਛਲੇ 3 ਸਾਲਾਂ ਦੌਰਾਨ ਭ੍ਰਿਸ਼ਟਾਚਾਰ ਦਾ ਬੋਲਬਾਲਾ ਤੇ ਕਈ ਕਾਂਗਰਸੀ ਆਗੂਆਂ ਦੀ ਨਾਰਾਜ਼ਗੀ ਉੱਭਰ ਕੇ ਸਾਹਮਣੇ ਆਈ ਹੈ ਅਤੇ ਇਹ ਸਾਰੇ ਮਾਮਲੇ ਚਰਚਾਵਾਂ ਦੇ ਵਿਸ਼ੇ ਵੀ ਰਹੇ। ਹਲਕਾ ਸਾਹਨੇਵਾਲ ’ਚ ਵਿਕਰਮ ਸਿੰਘ ਬਾਜਵਾ ਦੀਆਂ ਵੱਧਦੀਆਂ ਸਰਗਰਮੀਆਂ ਇਸ ਹਲਕੇ ਦੀ ਸਿਆਸਤ ’ਚ ਕੀ ਬਦਲਾਅ ਕਰਨਗੀਆਂ, ਇਸ ਸਬੰਧੀ ਸਿਆਸੀ ਆਗੂ ਤੇ ਲੋਕ ਨਜ਼ਰਾਂ ਟਿਕਾਈ ਬੈਠੇ ਹਨ।
 


author

Babita

Content Editor

Related News