ਕੈਬਨਿਟ ਮੰਤਰੀ ਸਿੰਗਲਾ ਦੀ ਅਨੋਖੀ ਪਹਿਲ ਸਫ਼ਾਈ ਸੇਵਕਾਂ ਨਾਲ ਮਨਾਈ ਦੀਵਾਲੀ

Wednesday, Nov 03, 2021 - 06:01 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਵੱਲੋਂ ਇਸ ਵਾਰ ਨਵੀਂ ਪਿਰਤ ਪਾਉਂਦਿਆਂ ਹਲਕੇ ਦੇ ਸਾਰੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਸਿੰਗਲਾ ਦੀ ਰਿਹਾਇਸ਼ ’ਚ ਹੋਏ ਇਸ ਸਮਾਗਮ ਵਿਚ ਸੰਗਰੂਰ ਤੇ ਭਵਾਨੀਗੜ੍ਹ ਦੇ ਵੱਡੀ ਗਿਣਤੀ ਸਫ਼ਾਈ ਸੇਵਕ ਮੌਜੂਦ ਸਨ। ਗੱਲਬਾਤ ਦੌਰਾਨ ਸਿੰਗਲਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਦਾ ਤਿਉਹਾਰਾਂ ਮੌਕੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਦੀਵਾਲੀ ਦੌਰਾਨ ਜਦੋਂ ਅਸੀਂ ਸਾਰੇ ਆਪੋ ਆਪਣੇ ਘਰਾਂ ਦੀ ਸਫਾਈ ਕਰਕੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਹਾਂ ਤਾਂ ਉਥੇ ਇਹ ਸਫ਼ਾਈ ਸੇਵਕ ਘਰਾਂ ਦੇ ਨਾਲ-ਨਾਲ ਆਸੇ ਪਾਸੇ ਦੀ ਸਫ਼ਾਈ ਵੀ ਕਰਦੇ ਹਨ ਜਿਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਲੀਆਂ ਮੁਹੱਲਿਆਂ ਵਿਚ ਸਫ਼ਾਈ ਸੇਵਕਾਂ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸੇ ਤਰ੍ਹਾਂ ਪੂਰੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਜੇਕਰ ਕੁਝ ਦਿਨ ਸਫ਼ਾਈ ਨਾ ਹੋਵੇ ਤਾਂ ਸਾਰੇ ਪਾਸੇ ਕੂੜਾ ਕਰਕਟ ਫੈਲ ਸਕਦਾ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਵਿਚ ਹੀ ਨਹੀਂ ਆਮ ਦਿਨਾਂ ਵਿਚ ਵੀ ਸਫ਼ਾਈ ਸੇਵਕਾਂ ਨਾਲ ਮਿਲਵਰਤਣ ਰੱਖਣ ਅਤੇ ਇਨ੍ਹਾਂ ਦੀਆਂ ਮੰਗਾਂ ਦਾ ਵਿਸ਼ੇਸ਼ ਧਿਆਨ ਰੱਖਣ।

ਉਨ੍ਹਾਂ ਸਮੂਹ ਸਫ਼ਾਈ ਸੇਵਕਾਂ ਨੂੰ ਇਹ ਵੀ ਕਿਹਾ ਕਿ ਜਿਹੜੀਆਂ ਵੀ ਉਨ੍ਹਾਂ ਦੀਆਂ ਮੰਗਾਂ ਹਨ, ਉਹ ਲੋਕਾਂ ਦਾ ਨੁਮਾਇੰਦਾ ਹੋਣ ਕਰਕੇ ਸਰਕਾਰ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਉਹ ਹਮੇਸ਼ਾ ਹੀ ਆਪਣੇ ਲੋਕਾਂ ਦੇ ਨਾਲ ਖੜੇ ਹਨ। ਉਨ੍ਹਾਂ ਸਮੂਹ ਸਫ਼ਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨਾਂ ਦਾ ਸਨਮਾਨ ਵੀ ਕੀਤਾ। ਇਸ ਦੌਰਾਨ ਸਫਾਈ ਸੇਵਕਾਂ ਨੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਆਗੂ ਨੇ ਉਨ੍ਹਾਂ ਨਾਲ ਇਸ ਤਰ੍ਹਾਂ ਤਿਉਹਾਰ ਨਹੀਂ ਮਨਾਇਆ। ਉਨ੍ਹਾਂ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਵਿਚ ਹੋਰ ਉਤਸ਼ਾਹ ਨਾਲ ਕੰਮ ਕਰਨ ਵਿਚ ਮੱਦਦ ਮਿਲੇਗੀ।


Gurminder Singh

Content Editor

Related News