ਪੁਲਸ ਚੌਕੀ ਸੰਨੀ ਇੰਕਲੇਵ ''ਚ ਵਿਜੀਲੈਂਸ ਦੀ ਰੇਡ
Thursday, Jun 06, 2019 - 10:01 PM (IST)

ਮੋਹਾਲੀ (ਕੁਲਦੀਪ)— ਵਿਜੀਲੈਂਸ ਨੇ ਪੁਲਸ ਸਟੇਸ਼ਨ ਖਰੜ ਦੇ ਅਧੀਨ ਆਉਂਦੀ ਪੁਲਸ ਚੌਕੀ ਸੰਨੀ ਇੰਕਲੇਵ 'ਚ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਟ੍ਰੈਪ ਲਗਾਇਆ ਗਿਆ ਤਾਂ ਚੌਂਕੀ ਇੰਚਾਰਜ ਬਾਹਰ ਸੀ ਪਰ ਉਸ ਦੇ ਕਹਿਣ 'ਤੇ ਚੌਕੀ 'ਚ ਉਸ ਦੇ ਪ੍ਰਾਈਵੇਟ ਟਾਈਪਿਸਟ ਨੇ ਰਿਸ਼ਵਤ ਦੇ ਪੈਸੇ ਫੜ੍ਹ ਲਏ। ਜਿਸ 'ਤੇ ਵਿਜੀਲੈਂਸ ਨੇ ਉਸ ਨੂੰ ਤੁਰੰਤ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ।
ਮਿਲੀ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਨਿਵਾਸੀ ਪਿੰਡ ਪਡਿਆਲਾ ਜ਼ਿਲਾ ਮੋਹਾਲੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮਾਤਾ ਸ਼ਿਮਲਾ ਦੇਵੀ ਦੀ ਸ਼ਿਕਾਇਤ 'ਤੇ ਸਿਟੀ ਪੁਲਸ ਸਟੇਸ਼ਨ ਖਰੜ 'ਚ ਚਾਰ ਲੋਕਾਂ ਖਿਲਾਫ 19 ਜੁਲਾਈ 2018 ਨੂੰ ਆਈ.ਪੀ.ਸੀ. ਦੀ ਧਾਰਾ 420 ਅਤੇ 120 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ । ਉਸ ਕੇਸ 'ਚ ਪੁਲਸ ਮੁਲਜ਼ਮਾਂ ਖਿਲਾਫ ਅਦਾਲਤ 'ਚ ਚਲਾਣ ਪੇਸ਼ ਨਹੀਂ ਕਰ ਰਹੀ ਸੀ । ਪੁਲਸ ਚੌਕੀ ਇੰਚਾਰਜ ਏ.ਐੱਸ.ਆਈ. ਕੇਵਲ ਸਿੰਘ ਅਦਾਲਤ 'ਚ ਚਲਾਣ ਪੇਸ਼ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੇ ਤੌਰ 'ਤੇ ਮੰਗ ਰਿਹਾ ਸੀ । ਬਾਅਦ 'ਚ ਇਹ ਮਾਮਲਾ 5 ਹਜ਼ਾਰ ਰੁਪਏ 'ਚ ਤੈਅ ਹੋ ਗਿਆ ।
ਸ਼ਿਕਾਇਤਕਰਤਾ ਨਰੇਸ਼ ਕੁਮਾਰ ਤੈਅ ਕੀਤੇ ਸਮੇਂ ਮੁਤਾਬਕ 5 ਹਜ਼ਾਰ ਰੁਪਏ ਲੈ ਕੇ ਚੌਕੀ ਇੰਚਾਰਜ ਕੇਵਲ ਸਿੰਘ ਨੂੰ ਦੇਣ ਲਈ ਪੁਲਸ ਚੌਂਕੀ ਆਇਆ ਸੀ । ਵਿਜੀਲੈਂਸ ਇੰਸਪੈਕਟਰ ਤੇਜਪਾਲ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਵੀ ਉਸ ਦੇ ਨਾਲ ਸੀ । ਸ਼ਿਕਾਇਤਕਰਤਾ ਨੇ ਪੁਲਸ ਚੌਕੀ 'ਚ ਪਹੁੰਚ ਕੇ ਇੰਚਾਰਜ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ 'ਤੇ ਚੌਕੀ 'ਚ ਮੌਜੂਦ ਆਪਣੇ ਪ੍ਰਾਈਵੇਟ ਕੰਪਿਊਟਰ ਸਰਬਜੀਤ ਸਿੰਘ ਨੂੰ ਪੈਸੇ ਫੜਨ ਲਈ ਕਿਹਾ । ਜਿਵੇਂ ਹੀ ਸ਼ਿਕਾਇਤਕਰਤਾ ਨੇ ਕੰਪਿਊਟਰ ਆਪ੍ਰੇਟਰ ਸਰਬਜੀਤ ਸਿੰਘ ਨੂੰ 5 ਹਜ਼ਾਰ ਰੁਪਏ ਦਿੱਤੇ ਤਾਂ ਵਿਜੀਲੈਂਸ ਦੀ ਟੀਮ ਨੇ ਤੁਰੰਤ ਉਸ ਨੂੰ ਰੰਗੇ ਹੱਥਾਂ ਦਬੋਚ ਲਿਆ ।
ਵਿਜੀਲੈਂਸ ਨੇ ਚੌਕੀ ਇੰਚਾਰਜ ਕੇਵਲ ਸਿੰਘ ਏ.ਐੱਸ.ਆਈ. ਤੇ ਸਰਬਜੀਤ ਸਿੰਘ ਨਿਵਾਸੀ ਵਾਰਡ ਨੰਬਰ 6 (ਨਜ਼ਦੀਕ ਅਕਾਲੀ ਦਫਤਾਰ ਗੁਰਦੁਆਰਾ ਰੋੜ) ਖਰੜ ਦੇ ਖਿਲਾਫ ਪ੍ਰੀਵੈਨਸ਼ਨ ਆਫ ਕਰਪਸ਼ਨ ਐਕਟ ਦੀਆਂ ਧਾਰਾਵਾਂ ਦੇ ਤਹਿਤ ਵਿਜੀਲੈਂਸ ਪੁਲਸ ਸਟੇਸ਼ਨ ਮੋਹਾਲੀ 'ਚ ਕੇਸ ਦਰਜ ਕਰ ਲਿਆ ਹੈ ।