ਜੀ. ਐੱਸ. ਟੀ. ਘਪਲਾ ਮਾਮਲੇ ਵਿਚ ਵਿਜੀਲੈਂਸ ਵਲੋਂ ਜਲੰਧਰ ’ਚ ਛਾਪੇਮਾਰੀ
Friday, Apr 23, 2021 - 11:50 AM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਕਥਿਤ ਜੀ.ਐੱਸ.ਟੀ. ਘੋਟਾਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਮਾਮਲੇ ’ਚ ਮੁਲਜ਼ਮ ਜੀ.ਐੱਸ .ਟੀ. ਐਡੀਸ਼ਨਲ ਕਮਿਸ਼ਨਰ ਬੀ. ਕੇ. ਵਿਰਦੀ ਦੇ ਜਲੰਧਰ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਵਿਰਦੀ ਨੂੰ ਗ੍ਰਿਫ਼ਤਾਰ ਕਰਨ ਲਈ ਕੀਤੀ ਗਈ ਸੀ ਪਰ ਵਿਜੀਲੈਂਸ ਟੀਮ ਨੂੰ ਇਸ ਵਿਚ ਸਫਲਤਾ ਹਾਸਲ ਨਹੀਂ ਹੋ ਸਕੀ ਅਤੇ ਵਿਜੀਲੈਂਸ ਅਧਿਕਾਰੀ ਆਪਣੀ ਛਾਪੇਮਾਰੀ ਵਿਚ ਕੁਝ ਹੱਥ ਨਾ ਲੱਗਣ ਤੋਂ ਬਾਅਦ ਇਸ ਕਾਰਵਾਈ ਨੂੰ ਰੁਟੀਨ ਇਨਵੈਸਟੀਗੇਸ਼ਨ ਦਾ ਨਾਮ ਦਿੰਦੇ ਰਹੇ।
ਇਹ ਵੀ ਪੜ੍ਹੋ : ਆਕਸੀਜਨ ਸਪਲਾਈ ’ਤੇ ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ
ਪਤਾ ਲੱਗਿਆ ਹੈ ਕਿ ਇਸ ਕਾਰਵਾਈ ਨੂੰ ਜਲੰਧਰ ਵਿਜੀਲੈਂਸ ਵਲੋਂ ਹੀ ਐਗਜ਼ੀਕਿਊਟ ਕੀਤਾ ਗਿਆ ਸੀ, ਜਿਸ ਲਈ ਨਿਰਦੇਸ਼ ਵਿਜੀਲੈਂਸ ਹੈੱਡਕੁਆਰਟਰ ਵਲੋਂ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਕਾਫ਼ੀ ਮੁਸ਼ੱਕਤ ਤੋਂ ਬਾਅਦ ਵੀ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਕੁਝ ਖਾਸ ਹਾਸਲ ਨਹੀਂ ਹੋ ਸਕਿਆ, ਅਲਬਤਾ ਕੁਝ ਦਸਤਾਵੇਜ ਜ਼ਰੂਰ ਪਰਿਵਾਰਕ ਮੈਂਬਰਾਂ ਵਲੋਂ ਸੌਂਪੇ ਗਏ ਹਨ। ਮਾਮਲੇ ਸੰਬੰਧੀ ਜਾਣਕਾਰੀ ਹਾਸਿਲ ਕਰਨ ਲਈ ਚੀਫ ਡਾਇਰੈਕਟਰ ਵਿਜੀਲੈਂਸ ਬੀ. ਕੇ. ਉੱਪਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਆਪਣੇ ਮਸ਼ਰੂਫ ਹੋਣ ਦੀ ਗੱਲ ਕਹੀ, ਜਦੋਂਕਿ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਛਾਪੇਮਾਰੀ ਨਹੀਂ ਸੀ, ਸਗੋਂ ਕੇਸ ਦੀ ਚੱਲ ਰਹੀ ਜਾਂਚ ਤਹਿਤ ਕੁਝ ਦਸਤਾਵੇਜ਼ਾਂ ਨੂੰ ਹਾਸਲ ਕਰਨ ਲਈ ਹੀ ਟੀਮ ਗਈ ਸੀ, ਜਿਸ ਨੂੰ ਮੀਡੀਆ ਵਲੋਂ ਛਾਪੇਮਾਰੀ ਦੀ ਰੰਗਤ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਮੰਤਰੀ ਨੇ ਕੇਂਦਰ ਸਰਕਾਰ ’ਤੇ ਲਾਇਆ ਵੈਕਸੀਨ ਭੇਜਣ ’ਚ ਪੱਖਪਾਤ ਕਰਨ ਦਾ ਦੋਸ਼
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ