ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Thursday, May 11, 2023 - 09:40 PM (IST)

ਅਜਨਾਲਾ, ਚੰਡੀਗੜ੍ਹ (ਗੁਰਜੰਟ, ਬਿਊਰੋ) : ਸੂਬੇ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਆਰੰਭੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲ ਹਲਕਾ ਰਾਜੀਆ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਤਾਇਨਾਤ ਪਟਵਾਰੀ ਕਾਬਲ ਸਿੰਘ ਨੂੰ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਪਰਗਟ ਸਿੰਘ ਵਾਸੀ ਪਿੰਡ ਧਾਲੀਵਾਲ ਕਲੇਰ, ਤਹਿਸੀਲ ਅਜਨਾਲਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਇਕ ਵਾਰ ਫਿਰ ਸੀਵਰੇਜ ’ਚ ਗੈਸ, ਮੈਨਹੋਲ ਦਾ ਉੱਡਿਆ ਢੱਕਣ, ਵੇਖੋ ਕੀ ਹੋਇਆ ਸੜਕ ਦਾ ਹਾਲ
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਸ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਦੇ ਇੰਤਕਾਲ ਵਿਚ ਸੋਧ ਕਰਨ ਬਦਲੇ ਉਕਤ ਪਟਵਾਰੀ 6,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਦੀ ਸ਼ਿਕਾਇਤ ਵਿਚਲੇ ਦੋਸ਼ਾਂ ਦੀ ਪੁਸ਼ਟੀ ਉਪਰੰਤ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਉਸ ਕੋਲੋਂ ਰੰਗੇ ਹੋਏ ਨੋਟ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ