ਪੰਜਾਬ 'ਚ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਸਕੀਮ 'ਚ ਹੋਏ ਘਪਲੇ ਨਾਲ ਜੁੜੀ ਵੱਡੀ ਖ਼ਬਰ
Friday, Dec 06, 2024 - 03:59 PM (IST)
ਜਲੰਧਰ (ਵਰੁਣ)– ਜਲੰਧਰ ਸ਼ਹਿਰ ਵਿਚ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਸਕੀਮ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਨੂੰ ਲੈ ਕੇ ਵਿਜੀਲੈਂਸ ਨੇ ਸਕੀਮ ਦਾ ਫਾਇਦਾ ਲੈਣ ਵਾਲੇ ਲੋਕਾਂ ਦੀਆਂ ਗਵਾਹੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਜੀਲੈਂਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਆਜ਼ਾਦ ਕੌਂਸਲਰ ਨੂੰ ਫੰਡ ਲੈਣ ਲਈ ਰਿਸ਼ਵਤ ਦਿੱਤੀ ਗਈ ਸੀ, ਜਿਸ ਵਿਚ ਨਿਗਮ ਕਰਮਚਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਇਸ ਸਕੀਮ ਤਹਿਤ ਲਗਭਗ 250 ਤੋਂ ਲੈ ਕੇ 300 ਮਕਾਨਾਂ ਨੂੰ ਫੰਡ ਜਾਰੀ ਕਰਵਾਏ ਗਏ ਅਤੇ ਉਨ੍ਹਾਂ ਮਕਾਨਾਂ ਨੂੰ ਵੀ ਫੰਡ ਦਿਵਾ ਦਿੱਤੇ ਗਏ, ਜਿਹੜੇ ਪੱਕੇ ਅਤੇ ਨਵੇਂ ਬਣੇ ਹੋਏ ਸਨ।
ਕਈ ਲੋਕਾਂ ਨੇ ਤਾਂ ਫੰਡ ਲੈਣ ਤੋਂ ਬਾਅਦ ਮਕਾਨ ਤਕ ਨਹੀਂ ਬਣਵਾਏ ਅਤੇ ਕਈਆਂ ਨੇ ਫੰਡ ਲੈ ਕੇ ਆਪਣਾ ਮਕਾਨ ਤਕ ਵੇਚ ਦਿੱਤਾ। ਵਿਜੀਲੈਂਸ ਨੇ ਲਗਭਗ 10 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕਰ ਲਏ ਹਨ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਆਪਣੇ ਸਾਬਕਾ ਕੌਂਸਲਰ ਨੂੰ ਐਡਵਾਂਸ ਵਿਚ ਚੈੱਕ ਦਿੱਤੇ ਸਨ ਅਤੇ ਜਿਉਂ ਹੀ ਫੰਡ ਉਨ੍ਹਾਂ ਦੇ ਅਕਾਊਂਟ ਵਿਚ ਟਰਾਂਸਫਰ ਹੋਏ, ਉਸੇ ਸਮੇਂ ਸਾਬਕਾ ਕੌਂਸਲਰ ਨੂੰ ਵੀ ਪਤਾ ਲੱਗ ਜਾਂਦਾ ਸੀ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਕੋਲੋਂ ਲਏ ਸੈਲਫ ਚੈੱਕ ਜ਼ਰੀਏ ਉਨ੍ਹਾਂ ਦੇ ਖਾਤੇ ਵਿਚੋਂ 30 ਤੋਂ 70 ਹਜ਼ਾਰ ਰੁਪਏ ਤਕ ਕਢਵਾ ਲਏ ਜਾਂਦੇ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਪੁਲਸ ਥਾਣਿਆਂ ਲਈ ਖ਼ਤਰੇ ਦੀ ਘੰਟੀ, ਅਲਰਟ ਜਾਰੀ
ਸਾਬਕਾ ਕੌਂਸਲਰ ਦੀ ਇੰਨੀ ਸੈਟਿੰਗ ਸੀ ਕਿ ਫੰਡ ਟਰਾਂਸਫਰ ਹੋਣ ਤੋਂ ਬਾਅਦ ਉਸ ਨੂੰ ਨਿਗਮ ਦੇ ਕਰਮਚਾਰੀ ਦੱਸ ਦਿੰਦੇ ਸਨ। ਹੈਰਾਨੀ ਦੀ ਗੱਲ ਹੈ ਕਿ ਸਾਬਕਾ ਕੌਂਸਲਰ ਨੇ ਜਿਹੜੇ-ਜਿਹੜੇ ਲੋਕਾਂ ਤੋਂ ਰਿਸ਼ਵਤ ਲਈ, ਉਨ੍ਹਾਂ ਨੂੰ ਵਨ ਸ਼ਾਟ ਵਿਚ ਪੇਮੈਂਟ ਜਾਰੀ ਕਰ ਦਿੱਤੀ ਗਈ, ਜਦਕਿ ਰੂਲ ਅਨੁਸਾਰ ਇਹੀ ਰਕਮ ਕਿਸ਼ਤਾਂ ਵਿਚ ਟਰਾਂਸਫਰ ਕੀਤੀ ਜਾਂਦੀ ਸੀ। 'ਜਗ ਬਾਣੀ' ਨੇ ਕਈ ਅਜਿਹੇ ਮਕਾਨ ਵੀ ਲੱਭ ਲਏ, ਜਿਹੜੇ ਬਿਲਕੁਲ ਨਵੇਂ ਹਨ ਅਤੇ ਉਨ੍ਹਾਂ ਘਰਾਂ ਵਿਚ ਮਾਰਬਲ, ਟਾਈਲਾਂ ਆਦਿ ਸਭ ਲੱਗੇ ਹੋਏ ਸਨ ਅਤੇ ਉਨ੍ਹਾਂ ਮਕਾਨਾਂ ਨੂੰ ਕੱਚਾ ਦੱਸ ਕੇ ਸਾਬਕਾ ਕੌਂਸਲਰ ਨੇ ਰਿਸ਼ਵਤ ਦੇ ਚੱਕਰ ਵਿਚ ਉਨ੍ਹਾਂ ਲੋਕਾਂ ਨੂੰ ਵੀ ਫੰਡ ਜਾਰੀ ਕਰਵਾ ਦਿੱਤੇ।
ਘਪਲੇ ਵਿਚ ਸ਼ਾਮਲ ਇਹ ਮਕਾਨ ਗੋਪਾਲ ਨਗਰ, ਮੁਹੱਲਾ ਕਰਾਰ ਖਾਂ ਅਤੇ ਨੀਲਾਮਹਿਲ ਦੇ ਹਨ। ਚਰਚਾ ਇਹ ਵੀ ਹੈ ਕਿ ਕਈ ਲੋਕਾਂ ਨੇ 'ਪ੍ਰਧਾਨ ਮੰਤਰੀ ਆਵਾਸ' ਯੋਜਨਾ ਦੇ ਜਾਰੀ ਫੰਡ ਨਾਲ ਐਕਟਿਵਾ ਅਤੇ ਪੁਰਾਣੀਆਂ ਕਾਰਾਂ ਤਕ ਖ਼ਰੀਦ ਲਈਆਂ ਹਨ। ਸ਼ਰੇਆਮ ਹੋਏ ਇਸ ਘਪਲੇ ਨੂੰ ਲੈ ਕੇ ਨਿਗਮ ਦੇ ਅਧਿਕਾਰੀਆਂ ਨੇ ਵੀ ਚੁੱਪ ਧਾਰੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਕਰਨ ਤੋਂ ਬਾਅਦ ਐਕਸ਼ਨ ਮੋਡ ਵਿਚ ਆ ਸਕਦੀ ਹੈ। ਵਧੇਰੇ ਸਾਰੀਆਂ ਗਵਾਹੀਆਂ ਸਾਬਕਾ ਕੌਂਸਲਰ ਦੇ ਖ਼ਿਲਾਫ਼ ਜਾ ਰਹੀਆਂ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਸਿਲੰਡਰ ਫੱਟਣ ਕਾਰਨ ਹੋਇਆ ਧਮਾਕਾ, ਪੈ ਗਈਆਂ ਭਾਜੜਾਂ
ਦੂਜੇ ਪਾਸੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਆਜ਼ਾਦ ਸਾਬਕਾ ਕੌਂਸਲਰ ਦਾ ਪੀ. ਏ. ਵਿਦੇਸ਼ ਭੱਜ ਗਿਆ ਹੈ। ਸਾਬਕਾ ਕੌਂਸਲਰ ਦਾ ਪੀ. ਏ. ਫੰਡ ਲੈਣ ਵਾਲੇ ਲੋਕਾਂ ਤੋਂ ਲਏ ਗਏ ਸੈਲਫ ਦੇ ਚੈੱਕ ਕੈਸ਼ ਕਰਵਾਉਣ ਲਈ ਬੈਂਕ ਜਾਂਦਾ ਸੀ। ਇਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਜਲਦ ਸਾਬਕਾ ਕੌਂਸਲਰ ਕਾਨੂੰਨ ਦੇ ਸ਼ਿਕੰਜੇ ਵਿਚ ਫਸ ਸਕਦਾ ਹੈ। ਇਸ ਦਾ ਨੁਕਸਾਨ ਹੁਣ ਉਹ ਪਾਰਟੀ ਵੀ ਉਠਾ ਸਕਦੀ ਹੈ, ਜਿਸ ਵੱਲੋਂ ਉਕਤ ਸਾਬਕਾ ਕੌਂਸਲਰ ਚੋਣ ਲੜਨ ਦੀ ਤਿਆਰੀ ਵਿਚ ਹੈ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਵਿਜੀਲੈਂਸ ਨਿਰੰਜਨ ਸਿੰਘ ਨਾਲ ਗੱਲ ਕਰ ਕੇ ਉਨ੍ਹਾਂ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਘਪਲੇ ’ਚ ਸ਼ਾਮਲ ਹਰੇਕ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਵਿਜੀਲੈਂਸ: ਕੇ. ਡੀ. ਭੰਡਾਰੀ
ਇਸ ਮਾਮਲੇ ਸਬੰਧੀ ਜਦੋਂ ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਜੀਲੈਂਸ ਇਸ ਘਪਲੇ ਵਿਚ ਸ਼ਾਮਲ ਹਰੇਕ ਵਿਅਕਤੀ ਖ਼ਿਲਾਫ਼ ਸਖ਼ਤ ਐਕਸ਼ਨ ਲਵੇ। ਉਨ੍ਹਾਂ ਕਿਹਾ ਕਿ ਇਹ ਸਕੀਮ ਗਰੀਬ ਅਤੇ ਲੋੜਵੰਦ ਲੋਕਾਂ ਲਈ ਕੱਢੀ ਗਈ ਸੀ ਪਰ ਕੁਝ ਲੋਕਾਂ ਨੇ ਇਸ ਨੂੰ ਵੀ ਕਮਾਈ ਦਾ ਸਾਧਨ ਬਣਾ ਦਿੱਤਾ, ਜਿਸ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦਾ ਹੱਕ ਵੀ ਖੋਹ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਵੀ ਆਪਣੀ ਪਾਰਟੀ ਹਾਈਕਮਾਨ ਸਾਹਮਣੇ ਇਸ ਮਾਮਲੇ ਨੂੰ ਉਠਾਉਣਗੇ ਤਾਂ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਕੌਂਸਲਰ ਦਾ ਕੰਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਹੁੰਦਾ ਹੈ ਪਰ ਅਜਿਹੇ ਲੋਕਾਂ ਨੂੰ ਕੌਂਸਲਰ ਦੀ ਕੁਰਸੀ ’ਤੇ ਬੈਠਣ ਦਾ ਕੋਈ ਹੱਕ ਨਹੀਂ।
ਇਹ ਵੀ ਪੜ੍ਹੋ- ਭੰਡਾਰਿਆਂ ਮੌਕੇ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8