ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦਾ ਸੇਵਾਮੁਕਤ ਕਰਮਚਾਰੀ ਕਾਬੂ
Wednesday, Jan 29, 2025 - 05:36 PM (IST)
ਮਾਛੀਵਾੜਾ ਸਾਹਿਬ (ਟੱਕਰ) : ਵਿਜੀਲੈਂਸ ਵਿਭਾਗ ਲੁਧਿਆਣਾ ਦੀ ਟੀਮ ਵਲੋਂ ਅੱਜ ਮਾਛੀਵਾੜਾ ਵਿਖੇ ਇਕ ਸੇਵਾਮੁਕਤ ਪੁਲਸ ਕਰਮਚਾਰੀ ਬਲਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਵਿਜੀਲੈਂਸ ਵਿਭਾਗ ਦੀ ਟੀਮ ਨੇ ਪਿੰਡ ਫੱਸੇ ਮੋਹਣ ਮਾਜਰਾ ਦੇ ਵਾਸੀ ਸੁਖਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ। ਵਿਜੀਲੈਂਸ ਟੀਮ ਨੇ ਪੱਤਰਕਾਰਾਂ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੁਖਵੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਕਾਰ ਮਾਛੀਵਾੜਾ ਪੁਲਸ ਥਾਣਾ ਵਿਖੇ ਜ਼ਬਤ ਕੀਤੀ ਗਈ ਹੈ ਜਿਸ ਨੂੰ ਛੁਡਵਾਉਣ ਬਦਲੇ ਇਕ ਸੇਵਾਮੁਕਤ ਪੁਲਸ ਕਰਮਚਾਰੀ ਬਲਵਿੰਦਰ ਸਿੰਘ 10,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਅੱਜ ਬੱਸ ਸਟੈਂਡ ਨੇੜੇ ਜਦੋਂ ਬਲਵਿੰਦਰ ਸਿੰਘ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਣ ਆਇਆ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਵਿਭਾਗ ਦੀ ਟੀਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਛੀਵਾੜਾ ਥਾਣਾ ਵਿਖੇ ਗਈ ਜਿੱਥੇ ਕੁਆਰਟਰਾਂ ਕੋਲ ਉਹ ਕਾਰ ਬਰਾਮਦ ਕੀਤੀ ਜਿਸ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਦੇ ਕਰਮਚਾਰੀਆਂ ਨੇ ਇਕ ਨਾਕਾਬੰਦੀ ਦੌਰਾਨ ਇਸ ਕਾਰ ਨੂੰ ਰੋਕਿਆ ਪਰ ਇਸ ਵਿਚ ਸਵਾਰ ਵਿਅਕਤੀ ਸ਼ੱਕੀ ਹਾਲਤ ਵਿਚ ਕਾਰ ਨੂੰ ਛੱਡ ਮੌਕੇ ਤੋਂ ਫ਼ਰਾਰ ਹੋ ਗਏ ਜਿਸ ਨੂੰ ਪੁਲਸ ਨੇ ਜ਼ਬਤ ਕਰਕੇ ਥਾਣਾ ਲਿਆਂਦਾ ਸੀ। ਬਲਵਿੰਦਰ ਸਿੰਘ ਜੋ ਕਿ ਮਾਛੀਵਾੜਾ ਪੁਲਸ ਥਾਣਾ ਵਿਖੇ ਕਰਮਚਾਰੀ ਵੀ ਰਿਹਾ ਹੈ ਉਹ ਕਾਰ ਨੂੰ ਛੁਡਵਾਉਣ ਬਦਲੇ ਕਾਰ ਮਾਲਕ ਸੁਖਵੀਰ ਸਿੰਘ ਨਾਲ ਲੈਣ ਦੇਣ ਦੀ ਗੱਲ ਕਰਵਾ ਰਿਹਾ ਸੀ ਜਿਸ ਸਬੰਧੀ 10,000 ਰੁਪਏ ਰਿਸ਼ਵਤ ਲੈਣੀ ਤੈਅ ਹੋਈ ਜਿਸ ਵਿਚ ਉਹ ਕਾਬੂ ਆ ਗਿਆ। ਵਿਜੀਲੈਂਸ ਟੀਮ ਵਲੋਂ ਮਾਛੀਵਾੜਾ ਥਾਣਾ ਵਿਖੇ ਆ ਕੇ ਇਸ ਗੱਲ ਦੀ ਵੀ ਜਾਂਚ ਕੀਤੀ ਕਿ ਇਹ ਰਿਸ਼ਵਤ ਦੇ ਪੈਸੇ ਕਿਸ ਪੁਲਸ ਕਰਮਚਾਰੀ ਕੋਲ ਜਾਣੇ ਸਨ। ਫਿਲਹਾਲ ਵਿਜੀਲੈਂਸ ਟੀਮ ਵਲੋਂ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਲਿਜਾਇਆ ਗਿਆ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਸ਼ਵਤ ਦਾ ਮਾਮਲਾ ਹੈ ਜਿਸ ਬਾਰੇ ਪੂਰੀ ਜਾਣਕਾਰੀ ਵਿਭਾਗ ਦੇ ਐੱਸ.ਐੱਸ.ਪੀ. ਦੇਣਗੇ ਅਤੇ ਇਸ ਵਿਚ ਹੋਰ ਕੌਣ ਕੌਣ ਸ਼ਾਮਲ ਹੈ ਉਸ ਬਾਰੇ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।