ਵਿਜੀਲੈਂਸ ਨੇ ਢੋਆ-ਢੁਆਈ ਦੌਰਾਨ ਧੋਖਾਧੜੀ ਕਰਨ ਵਾਲੇ 3 ਠੇਕੇਦਾਰਾਂ ਤੇ 3 ਫਰਮਾਂ ਖ਼ਿਲਾਫ਼ ਕੇਸ ਕੀਤਾ ਦਰਜ
Thursday, Feb 23, 2023 - 10:41 PM (IST)
 
            
            ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਸੰਗਰੂਰ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਅਨਾਜ ਦੀ ਢੋਆ-ਢੁਆਈ ਸਬੰਧੀ ਟੈਂਡਰਾਂ ਦੀ ਅਲਾਟਮੈਂਟ, ਅਨਾਜ ਮੰਡੀਆਂ ’ਚ ਟਰਾਂਸਪੋਰਟੇਸ਼ਨ ਅਤੇ ਲੇਬਰ ਦੇ ਕਲੱਸਟਰਾਂ ਨੂੰ ਕਲੱਬ ਕਰਨ ਸਬੰਧੀ ਟੈਂਡਰ ’ਚ ਧੋਖਾਧੜੀ ਦੇ ਦੋਸ਼ ਹੇਠ ਤਿੰਨ ਠੇਕੇਦਾਰਾਂ ਅਤੇ ਤਿੰਨ ਫਰਮਾਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਠੇਕੇਦਾਰ ਪਰਮਵੀਰ ਸਿੰਘ ਵਾਸੀ ਧਨੌਲਾ, ਜ਼ਿਲ੍ਹਾ ਬਰਨਾਲਾ, ਠੇਕੇਦਾਰ ਜਸਵੰਤ ਰਾਏ ਵਾਸੀ ਪਿੰਡ ਮਾਲੇਵਾਲ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ, ਠੇਕੇਦਾਰ ਰਾਜੀਵ ਕੁਮਾਰ ਜੈਤੋਂ, ਮੈਸ. ਜ਼ਿਮੀਂਦਾਰਾ ਟਰਾਂਸਪੋਰਟ ਕੰਪਨੀ ਖੰਨਾ, ਮੈਸਰਜ਼ : ਜ਼ੈਲਦਾਰ ਠੇਕੇਦਾਰ, ਮੈਸਰਜ਼ : ਜਗਰੂਪ ਸਿੰਘ ਅਤੇ ਸੰਦੀਪ ਕੁਮਾਰ ਮਾਲੇਰਕੋਟਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਘਾਟਾ, ਚੱਲਦੇ ਟੂਰਨਾਮੈਂਟ ਦੌਰਾਨ ਮਸ਼ਹੂਰ ਖਿਡਾਰੀ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਅਨਾਜ ਦੀ ਢੋਆ-ਢੁਆਈ ਲਈ ਉਕਤ ਟੈਂਡਰ ਅਲਾਟ ਕਰਨ ਸਮੇਂ ਉਕਤ ਮੁਲਜ਼ਮਾਂ ਨੇ ਸਾਲ 2019-20 ਦੌਰਾਨ ਆਪਸ ’ਚ ਮਿਲੀਭੁਗਤ ਕਰਕੇ ਢੋਆ-ਢੁਆਈ ਲਈ ਕਲੱਸਟਰਾਂ ਦੀ ਗਿਣਤੀ ਘਟਾ ਦਿੱਤੀ ਸੀ ਅਤੇ ਲੇਬਰ ਤੇ ਕਾਰਟੇਜ ਸਬੰਧੀ ਟੈਂਡਰ ’ਚ ਵੀ ਬੇਯਿਮੀਆਂ ਕਰਵਾਈਆਂ ਸਨ। ਇਸ ਤੋਂ ਪਹਿਲਾਂ ਟਰਾਂਸਪੋਰਟ ਲਈ 58 ਕਲੱਸਟਰ, ਕਾਰਟੇਜ ਲਈ 50 ਕਲੱਸਟਰ ਅਤੇ ਲੇਬਰ ਦੇ ਕੰਮ ਲਈ ਤਕਰੀਬਨ 180 ਕਲੱਸਟਰ ਸਨ, ਜਿਸ ਕਾਰਨ ਟੈਂਡਰ ਪ੍ਰਕਿਰਿਆ ’ਚ ਛੋਟੇ ਠੇਕੇਦਾਰ ਵੀ ਹਿੱਸਾ ਲੈ ਲੈਂਦੇ ਸੀ ਤੇ ਠੇਕੇਦਾਰਾਂ ਦੇ ਆਪਸੀ ਮੁਕਾਬਲੇ ਕਾਰਨ ਘੱਟ ਰੇਟਾਂ ਉਪਰ ਟੈਂਡਰ ਅਲਾਟ ਕੀਤੇ ਜਾਂਦੇ ਸਨ ਪਰ ਸਾਲ 2020-21 ’ਚ ਉਕਤ ਕਲੱਸਟਰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬਹੁਤ ਵੱਡੇ ਬਣਾ ਦਿੱਤੇ ਗਏ ਸਨ ਤਾਂ ਜੋ ਨਵੀਂ ਨੀਤੀ ਅਨੁਸਾਰ ਛੋਟੇ ਠੇਕੇਦਾਰ ਵੱਧ ਟਰਨਓਵਰ ਦੀ ਸ਼ਰਤ ਨੂੰ ਪੂਰਾ ਨਾ ਕਰ ਸਕਣ ਅਤੇ ਟੈਂਡਰਾਂ ’ਚ ਹਿੱਸਾ ਨਾ ਲੈ ਸਕਣ।
ਇਹ ਵੀ ਪੜ੍ਹੋ : ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ 39 ਕਲੱਸਟਰ ਟਰਾਂਸਪੋਰਟੇਸ਼ਨ ਲਈ, 21 ਕਲੱਸਟਰ ਕਾਰਟੇਜ ਲਈ, 8 ਕਲੱਸਟਰ ਲੇਬਰ ਅਤੇ ਕਾਰਟੇਜ ਲਈ ਅਤੇ 21 ਕਲੱਸਟਰ ਲੇਬਰ ਲਈ ਵੱਖਰੇ ਤੌਰ ’ਤੇ ਬਣਾਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੰਗਰੂਰ ਤੋਂ ਅਨਾਜ ਦੀ ਢੋਆ-ਢੁਆਈ ਮੌਕੇ ਗੇਟ ਪਾਸਾਂ ’ਚ ਰਜਿਸਟਰਡ ਵਾਹਨਾਂ ਦੀ ਸੂਚੀ ਪ੍ਰਾਪਤ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਸਕੂਟਰ/ਮੋਟਰਸਾਈਕਲ/ਕਾਰਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਬਹੁਤ ਸਾਰੇ ਵਾਹਨ ਸਨ, ਜਦਕਿ ਅਜਿਹੇ ਵਾਹਨਾਂ ਰਾਹੀਂ ਉਕਤ ਢੋਆ-ਢੁਆਈ ਦਾ ਕੰਮ ਹੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਜਾਅਲੀ ਗੇਟ ਪਾਸਾਂ ਦੇ ਆਧਾਰ ’ਤੇ ਸਰਕਾਰੀ ਪੈਸੇ ਦਾ ਗਬਨ ਕੀਤਾ ਗਿਆ ਹੈ। ਇਸ ਸਬੰਧ ’ਚ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1)(ਏ), 13(2) ਦੇ ਤਹਿਤ ਐੱਫ.ਆਈ.ਆਰ. ਨੰਬਰ 06 ਮਿਤੀ 22/02/2023 ਅਧੀਨ ਵਿਜੀਲੈਂਸ ਬਿਊਰੋ ਪਟਿਆਲਾ ਦੇ ਥਾਣੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            