ਵਿਜੀਲੈਂਸ ਬਿਊਰੋ ਵਲੋਂ 10,000 ਬੋਰੀਆਂ ਦੀ ਹੇਰਾ-ਫੇਰੀ ''ਚ ਪਨਗ੍ਰੇਨ ਦੇ ਦੋ ਇੰਸਪੈਕਟਰ ਗ੍ਰਿਫ਼ਤਾਰ

Saturday, Oct 26, 2019 - 11:08 AM (IST)

ਵਿਜੀਲੈਂਸ ਬਿਊਰੋ ਵਲੋਂ 10,000 ਬੋਰੀਆਂ ਦੀ ਹੇਰਾ-ਫੇਰੀ ''ਚ ਪਨਗ੍ਰੇਨ ਦੇ ਦੋ ਇੰਸਪੈਕਟਰ ਗ੍ਰਿਫ਼ਤਾਰ

ਚੰਡੀਗੜ੍ਹ (ਰਮਨਜੀਤ) : ਵਿਜੀਲੈਂਸ ਬਿਊਰੋ, ਪੰਜਾਬ ਨੇ ਪਨਗ੍ਰੇਨ ਦੇ ਦੋ ਇੰਸਪੈਕਟਰ ਤਰਨਜੀਤ ਸਿੰਘ ਅਤੇ ਵਿਕਾਸ ਸ਼ਰਮਾ ਨੂੰ 10,000 ਖਾਲੀ ਬੋਰੀਆਂ ਦੀ ਦੁਰਵਰਤੋਂ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਮਾਮਲੇ 'ਚ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਗੁਰਦਾਸਪੁਰ ਵਿਖੇ ਤਾਇਨਾਤ ਇਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨੂੰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਹਾਂ ਇੰਸਪੈਕਟਰਾਂ ਤੋਂ ਇਲਾਵਾ ਜਗਦੰਬੇ ਰਾਈਸ ਮਿਲ ਖ਼ਾਸਾ, ਅੰਮ੍ਰਿਤਸਰ ਦੇ ਮਾਲਕ ਵਿਨੋਦ ਕੁਮਾਰ ਅਤੇ ਮਾਰਕੀਟ ਕਮੇਟੀ, ਅੰਮ੍ਰਿਤਸਰ ਦੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ਼ ਬੋਰੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਡੀ.ਐੱਸ.ਪੀ. ਹਰਪ੍ਰੀਤ ਸਿੰਘ ਨੂੰ ਤਰਨਜੀਤ ਸਿੰਘ ਅਤੇ ਵਿਕਾਸ ਸ਼ਰਮਾ ਵਲੋਂ ਇਨ੍ਹਾਂ ਬੋਰੀਆਂ ਨੂੰ ਜਗਦੰਬੇ ਰਾਈਸ ਮਿਲ ਨਾਮ ਦੀ ਇਕ ਨਿੱਜੀ ਮਿਲ ਨੂੰ ਭੇਜਣ ਦੀ ਸੂਚਨਾ ਮਿਲੀ ਸੀ ਜੋ ਅੱਗੇ ਭਗਤਵਾਲਾ ਅਨਾਜ ਮੰਡੀ 'ਚ ਭੇਜਿਆ ਜਾਣਾ ਸੀ। ਇਹ ਝੋਨਾ ਸਸਤੇ ਰੇਟ 'ਤੇ ਖਰੀਦਿਆ ਜਾ ਰਿਹਾ ਸੀ ਅਤੇ ਉਚ ਰੇਟਾਂ 'ਤੇ ਸਰਕਾਰ ਨੂੰ ਵੇਚਿਆ ਜਾ ਰਿਹਾ ਸੀ। ਇਸ ਕੇਸ 'ਚ ਵਿਜੀਲੈਂਸ ਬਿਊਰੋ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ 406, 420, 465, 467, 468, 471, ਆਈ.ਪੀ.ਸੀ. ਦੀ ਧਾਰਾ 120-ਬੀ ਅਤੇ ਪੀ.ਸੀ. ਐਕਟ 1988 ਦੀ ਧਾਰਾ 7, 8 ਤਹਿਤ ਦੋਸ਼ਾਂ ਦੀ ਜਾਂਚ ਲਈ ਵਿਜੀਲੈਂਸ ਬਿਊਰੋ ਪੁਲਸ ਥਾਣਾ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। 

ਇਕ ਹੋਰ ਮਾਮਲੇ 'ਚ ਏ.ਐੱਸ.ਆਈ. ਰਜਿੰਦਰ ਕੁਮਾਰ ਨੂੰ ਪਠਾਨਕੋਟ ਜ਼ਿਲੇ ਦੇ ਪਿੰਡ ਜੰਗਲਾ ਦੇ ਵਸਨੀਕ ਇੰਦਰਜੀਤ ਰਾਏ ਦੀ ਸ਼ਿਕਾਇਤ 'ਤੇ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਮਾਮਲੇ 'ਚ ਇਕ ਹੋਰ ਏ.ਐਸ.ਆਈ. ਕੁਲਦੀਪ ਸਿੰਘ, ਜੋ ਕਿ ਹੁਣ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਸਿਖਲਾਈ ਲੈ ਰਿਹਾ ਹੈ, ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਕੇਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਅਤੇ ਦੋਸ਼ ਲਾਇਆ ਕਿ ਉਪਰੋਕਤ ਨਾਮੀ ਏ.ਐਸ.ਆਈ. ਵਲੋਂ ਉਸ ਦੇ ਮਾਸੂਮ ਬੇਟੇ ਸਵਤੰਤਰ ਰਾਏ ਨੂੰ ਪੁਲਸ ਕੇਸ 'ਚੋਂ ਬਾਹਰ ਕੱਢਣ ਲਈ 50,000 ਰੁਪਏ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤ ਦੀ ਤਸਦੀਕ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੀ ਇਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫੜ੍ਹ ਲਿਆ। ਉਸ ਤੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰਿਸ਼ਵਤ ਦੇ ਪੈਸੇ ਬਰਾਮਦ ਕੀਤੇ ਗਏ। ਉਨ੍ਹਾਂਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।


author

Gurminder Singh

Content Editor

Related News