ਵਿਜੀਲੈਂਸ ਬਿਊਰੋ ਨੇ 5 ਹਜ਼ਾਰ ਰਿਸ਼ਵਤ ਲੈਂਦੇ ਏ. ਐੱਸ. ਆਈ. ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Saturday, Sep 18, 2021 - 10:42 AM (IST)
ਅੰਮ੍ਰਿਤਸਰ (ਇੰਦਰਜੀਤ) - ਵਿਜੀਲੈਂਸ ਬਿਊਰੋ ਨੇ ਵਾਹਨ ਦੀ ਸਪੁਰਦਦਾਰੀ ਦੇਣ ਲਈ ਕੰਟੋਨਮੈਂਟ ਥਾਣੇ ਅਧੀਨ ਆਉਂਦੀ ਚੌਕੀ ਲੋਹਾਰਕਾ ’ਚ ਤਾਇਨਾਤ ਏ. ਐੱਸ. ਆਈ. ਫਰਜੰਦ ਲਾਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਬਿਊਰੋ ਨੂੰ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਮੁੱਦਈ ਪ੍ਰਗਟ ਸਿੰਘ ਵਾਸੀ ਅਜਨਾਲਾ ਨੇ ਕਿਹਾ ਹੈ ਕਿ ਉਹ ਇਕ ਕੇਸ ’ਚ ਨਾਮਜ਼ਦ ਸੀ। ਉਸ ਨੇ ਆਪਣੀ ਬੋਲੈਰੋ ਗੱਡੀ ਸਪੁਰਦਦਾਰੀ ’ਤੇ ਲੈਣੀ ਸੀ ਪਰ ਏ. ਐੱਸ. ਆਈ. ਫਰਜੰਦ ਲਾਲ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਵਾਹਨ ਲੈਣਾ ਚਾਹੁੰਦਾ ਹੈ ਤਾਂ 5 ਹਜ਼ਾਰ ਰੁਪਏ ਬਤੌਰ ਰਿਸ਼ਵਤ ਉਸ ਨੂੰ ਦੇਣਾ ਪਵੇਗਾ।
ਉਸ ਨੇ ਕਿਹਾ ਕਿ ਮਜਬੂਰ ਹੋ ਕੇ ਉਸ ਨੂੰ ਏ.ਐੱਸ.ਆਈ. ਦੀ ਸ਼ਰਤ ਮੰਨਣੀ ਪਈ, ਜਿਸ ਤੋਂ ਬਾਅਦ ਉਸ ਦੀ ਇਹ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚ ਗਈ। ਵਿਜੀਲੈਂਸ ਬਿਊਰੋ ਦੇ ਏ. ਐੱਸ. ਪੀ. ਪਰਮਪਾਲ ਸਿੰਘ ਨੇ ਇੰਸਪੈਕਟਰ ਅਮੋਲਕ ਸਿੰਘ ਨੂੰ ਇਸ ਮਾਮਲੇ ਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਪਰੰਤ ਵਿਜੀਲੈਂਸ ਦੀ ਟੀਮ ਨੇ ਏ. ਐੱਸ. ਆਈ. ਫਰਜੰਦ ਲਾਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।