ਵਿਜੀਲੈਂਸ ਨੇ SHO ਤੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Thursday, Nov 10, 2022 - 12:02 AM (IST)

ਬਠਿੰਡਾ (ਵਿਜੇ ਵਰਮਾ, ਗੋਰਾ ਲਾਲ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਐੱਸ. ਐੱਚ. ਓ. ਬਲਕੌਰ ਸਿੰਘ ਅਤੇ ਏ.ਐੱਸ.ਆਈ. ਪਰਮਜੀਤ ਸਿੰਘ, ਥਾਣਾ ਨੇਹੀਆਂ ਵਾਲਾ ਜ਼ਿਲ੍ਹਾ ਬਠਿੰਡਾ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਐੱਸ.ਐੱਚ.ਓ. ਅਤੇ ਏ.ਐੱਸ.ਆਈ. ਨੂੰ ਰਾਮ ਲਾਲ ਵਾਸੀ ਪਿੰਡ ਮਹਿਮਾ ਸਰਕਾਰੀ ਜ਼ਿਲ੍ਹਾ ਬਠਿੰਡਾ, ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਤੇ ਗੁਰਤੇਜ ਸਿੰਘ ਵਾਸੀ ਕੋਠੇ ਫੂਲਾ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਨੇ ਹਰਚਰਨ ਸਿੰਘ ਉਰਫ ਲੀਲਾ ਵਾਸੀ ਦਸ਼ਮੇਸ਼ ਨਗਰ ਗੋਨਿਆਣਾ ਕੋਲੋਂ ਤਕਰੀਬਨ ਇਕ ਸਾਲ ਪਹਿਲਾਂ 30,00,000 ਰੁਪਏ ਨਕਦ ਉਧਾਰ ਵਿਆਜ ਉਪਰ ਲਏ ਸਨ।
ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਹਰਭਜਨ ਸਿੰਘ ਨੂੰ ਹੋਇਆ ਡੇਂਗੂ, ਹਸਪਤਾਲ ’ਚ ਦਾਖ਼ਲ
ਇਨ੍ਹਾਂ ਵੱਲੋਂ ਸਮੇਂ ਸਿਰ ਪੈਸੇ ਵਾਪਸ ਨਾ ਕਰਨ ਕਰਕੇ ਉਕਤ ਹਰਚਰਨ ਸਿੰਘ ਨੇ ਸ਼ਿਕਾਇਤਕਰਤਾ ਰਾਮ ਲਾਲ ਅਤੇ ਗੁਰਤੇਜ ਸਿੰਘ ਨੂੰ ਥਾਣਾ ਨੇਹੀਆਂ ਵਾਲਾ ਵਿਖੇ ਮਿਤੀ 04.11.2022 ਨੂੰ ਫੜਾ ਦਿੱਤਾ ਸੀ, ਜਿਸ ’ਤੇ ਅਗਲੇ ਦਿਨ ਐੱਸ.ਐੱਚ.ਓ. ਬਲਕੌਰ ਸਿੰਘ ਅਤੇ ਏ.ਐੱਸ.ਆਈ. ਪਰਮਜੀਤ ਸਿੰਘ ਵੱਲੋਂ ਉਨ੍ਹਾਂ ਦਾ ਦੂਜੀ ਧਿਰ ਨਾਲ ਥਾਣੇ ਵਿਖੇ ਜ਼ੁਬਾਨੀ ਰਾਜ਼ੀਨਾਮਾ ਕਰਵਾ ਦਿੱਤਾ ਸੀ। ਉਕਤ ਦੋਹਾਂ ਪੁਲਸ ਮੁਲਾਜ਼ਮਾਂ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮੁਕੱਦਮਾ ਨਾ ਦਰਜ ਕਰਨ ’ਤੇ ਰਾਜ਼ੀਨਾਮਾ ਕਰਵਾਉਣ ਦੇ ਸਬੰਧ ’ਚ ਸ਼ਿਕਾਇਤਕਰਤਾ ਰਾਮ ਲਾਲ ਕੋਲੋਂ 3,00,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਐਡਵੋਕੇਟ ਧਾਮੀ ਮੁੜ ਬਣੇ SGPC ਦੇ ਪ੍ਰਧਾਨ, NIA ਨੇ ਦਾਊਦ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, ਪੜ੍ਹੋ Top 10
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੀ ਟੀਮ ਨੇ ਉਕਤ ਦੋਸ਼ੀਆਂ ਐੱਸ.ਐੱਚ.ਓ. ਬਲਕੌਰ ਸਿੰਘ ਅਤੇ ਏ.ਐੱਸ.ਆਈ. ਪਰਮਜੀਤ ਸਿੰਘ ਥਾਣਾ ਨੇਹੀਆਂ ਵਾਲਾ ਜ਼ਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 50,000 ਰੁਪਏ ਰਿਸ਼ਵਤ ਦੀ ਪਹਿਲੀ ਰਾਸ਼ੀ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਉਪਰੰਤ ਵਿਜੀਲੈਂਸ ਦੀ ਟੀਮ ਵੱਲੋਂ ਦੋਸ਼ੀ ਪੁਲਸ ਮੁਲਾਜ਼ਮਾਂ ਦੇ ਵਾਹਨ ਦੀ ਤਲਾਸ਼ੀ ਮੌਕੇ 50,000 ਹੋਰ ਰੁਪਏ ਬਤੌਰ ਰਿਸ਼ਵਤ ਨਕਦ ਬਰਾਮਦ ਕੀਤੇ ਗਏ। ਇਸ ਸਬੰਧ ’ਚ ਉਕਤ ਦੋਹਾਂ ਦੋਸ਼ੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਕੂਲ ਗਰਾਊਂਡ ’ਚ ਵਾਪਰਿਆ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ