ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ ਤੇ ਉਸ ਦਾ ਸਾਥੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
Wednesday, Apr 19, 2023 - 09:10 PM (IST)

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਾਹਨੇਵਾਲ ਦੇ ਪਿੰਡ ਧਰੌੜ ਵਿਖੇ ਤਾਇਨਾਤ ਮਾਲ ਪਟਵਾਰੀ ਅਮਨਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਾਥੀ ਇੰਦਰਜੀਤ ਸਿੰਘ ਵਿਰੁੱਧ 7000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਇੰਦਰਜੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਅਬੋਹਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪ੍ਰਿੰਸੀਪਲ ਦਾ ਤੁਗਲਕੀ ਫਰਮਾਨ, ਪੜ੍ਹ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਨੰਦਪੁਰ, ਤਹਿਸੀਲ ਸਾਹਨੇਵਾਲ ਦੇ ਵਸਨੀਕ ਸਰਬਜੀਤ ਭਾਟੀਆ ਦੀ ਸ਼ਿਕਾਇਤ ‘ਤੇ ਉਕਤ ਦੋਵਾਂ ਦੋਸ਼ੀਆਂ ਖਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਅਤੇ ਉਸ ਦਾ ਨਿੱਜੀ ਸਾਥੀ ਉਸ ਦੀ ਨਵੀਂ ਕਲੋਨੀ ਨਾਲ ਸਬੰਧਤ ਰਿਪੋਰਟ ਸੇਣ ਬਦਲੇ 20,000 ਰੁਪਏ ਦੀ ਮੰਗ ਰਹੇ ਹਨ ਤਾਂ ਜੋ ਜ਼ਮੀਨ ਦੀ ਵਰਤੋਂ ਸਬੰਧੀ ਤਬਾਦਲਾ ਅਤੇ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕੀਤਾ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਸੌਦਾ 12,000 ਰੁਪਏ ਵਿੱਚ ਤੈਅ ਹੋਇਆ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5000 ਰੁਪਏ ਪਹਿਲਾਂ ਹੀ ਲੈ ਲਏ ਹਨ ਅਤੇ ਦੋਸ਼ੀਆਂ ਵੱਲੋਂ ਬਕਾਇਆ ਰਕਮ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਸ਼ਾ ਸਮੱਗਲਰਾਂ ਸਬੰਧੀ ਪੁਲਸ ਨੂੰ ਸੂਚਨਾ ਦੇਣੀ ਪਈ ਮਹਿੰਗੀ, ਨੌਜਵਾਨ 'ਤੇ ਹੋਇਆ ਕਾਤਲਾਨਾ ਹਮਲਾ
ਪ੍ਰਾਪਤ ਇਤਲਾਹ ਦੀ ਬਾਰੀਕੀ ਨਾਲ ਪੜਤਾਲ ਕਰਨ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਉਕਤ ਪਟਵਾਰੀ ਦੇ ਸਾਥੀ ਇੰਦਰਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 7,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਦੋਸ਼ੀ ਪਟਵਾਰੀ ਆਪਣੇ ਦਫ਼ਤਰ ’ਚ ਮੌਜੂਦ ਨਹੀਂ ਸੀ ਅਤੇ ਉਸਨੂੰ ਜਲਦ ਤੋਂ ਜਲਦ ਗਿਰਫਤਾਰ ਕਰਨ ਹੀ ਟੀਮਾਂ ਬਣਾਈਆਂ ਗਈਆਂ ਹਨ।
ਬੁਲਾਰੇ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਅਤੇ ਆਈ.ਪੀ.ਸੀ ਦੀ ਧਾਰਾ 120ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮੁਕੱਦਮੇ ਦੀ ਅਗਲੇਰੀ ਪੁੱਛਗਿੱਛ ਜਾਰੀ ਹੈ।