ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸਿਪਾਹੀ ਕੀਤਾ ਕਾਬੂ, ਸਬ-ਇੰਸਪੈਕਟਰ ਸਣੇ 2 ਖ਼ਿਲਾਫ਼ ਕੇਸ ਦਰਜ
Sunday, Jul 30, 2023 - 01:50 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਾਈਬਰ ਸੈੱਲ, ਪਟਿਆਲਾ ਵਿਖੇ ਤਾਇਨਾਤ ਸਿਪਾਹੀ ਕਰਮਬੀਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਇਕ ਸਬ-ਇੰਸਪੈਕਟਰ (ਐੱਸ. ਆਈ.) ਅਤੇ ਪੱਤਰਕਾਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਪਰਦੀਪ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ’ਤੇ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪਰਦੀਪ ਸਿੰਘ ਨੇ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਵਿਖੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ (ਪਰਦੀਪ) ਅਤੇ ਉਸ ਦੀ ਪਤਨੀ ਦਾ ਆਪਸ ਵਿਚ ਝਗੜਾ ਚੱਲ ਰਿਹਾ ਹੈ, ਜਿਸ ਦੀ ਜਾਂਚ ਸਾਈਬਰ ਸੈੱਲ, ਪਟਿਆਲਾ ਦੇ ਇੰਚਾਰਜ ਸਬ-ਇੰਸਪੈਕਟਰ (ਐੱਸ. ਆਈ.) ਪ੍ਰਿਤਪਾਲ ਸਿੰਘ ਨੂੰ ਸੌਂਪੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : WI vs IND 2nd ODI: ਵਿੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤੀ ਬੱਲੇਬਾਜ਼ੀ, ਰੋਹਿਤ-ਵਿਰਾਟ ਕਰਨਗੇ ਆਰਾਮ
ਸ਼ਿਕਾਇਤਕਰਤਾ ਅਨੁਸਾਰ ਉਸ ਦੀ ਮੁਲਾਕਾਤ ਪ੍ਰਿਤਪਾਲ ਸਿੰਘ ਨਾਲ ਪ੍ਰੈੱਸ ਰਿਪੋਰਟਰ ਐੱਸ. ਐੱਸ. ਮਲਹੋਤਰਾ ਰਾਹੀਂ ਹੋਈ। ਐੱਸ. ਆਈ. ਪ੍ਰਿਤਪਾਲ ਨੇ ਉਸ ਨੂੰ ਕਿਹਾ ਕਿ ਉਸ ਨਾਲ ਤਾਇਨਾਤ ਸਿਪਾਹੀ ਕਰਮਬੀਰ ਸਿੰਘ ਕੋਲ ਪਹੁੰਚ ਕਰ ਕੇ ਉਹ ਉਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਵੇ। ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਕਰਮਬੀਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਸ਼ਿਕਾਇਤਕਰਤਾ ਦੇ ਪੱਖ ਵਿਚ ਰਿਪੋਰਟ ਤਿਆਰ ਕਰਨ ਬਦਲੇ ਉਸ ਤੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗੀ। ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਕਾਂਸਟੇਬਲ ਕਰਮਬੀਰ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ ਤੌਰ ’ਤੇ 10,000 ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਮੌਕੇ ’ਤੇ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਵਿਖੇ ਐੱਸ. ਆਈ. ਪ੍ਰਿਤਪਾਲ ਸਿੰਘ, ਸਿਪਾਹੀ ਕਰਮਬੀਰ ਸਿੰਘ ਅਤੇ ਪੱਤਰਕਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ