ਸਾਬਕਾ ਮੰਤਰੀ ਧਰਮਸੋਤ, ਆਸ਼ੂ ਤੇ ਬਲਬੀਰ ਸਿੱਧੂ ਮਗਰੋਂ ਹੁਣ ਇਹ ਸਾਬਕਾ ਮੰਤਰੀ ਵਿਜੀਲੈਂਸ ਦੀ ਰਾਡਾਰ ’ਤੇ

01/06/2023 11:45:35 PM

ਪਟਿਆਲਾ, ਜਲੰਧਰ (ਰਾਜੇਸ਼ ਪੰਜੌਲਾ, ਨਰਿੰਦਰ ਮੋਹਨ) : ਪਟਿਆਲਾ, ਜਲੰਧਰ (ਰਾਜੇਸ਼ ਪੰਜੌਲਾ, ਨਰਿੰਦਰ ਮੋਹਨ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਤਹਿਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਅਤੇ ਬਲਬੀਰ ਸਿੰਘ ਸਿੱਧੂ ਤੋਂ ਬਾਅਦ ਹੁਣ ਕਾਂਗਰਸ ਸਰਕਾਰ ਸਮੇਂ ਲੋਕ ਨਿਰਮਾਣ ਮੰਤਰੀ ਰਹੇ ਵਿਜੇਇੰਦਰ ਸਿੰਗਲਾ ਵੀ ਵਿਜੀਲੈਂਸ ਦੀ ਰਾਡਾਰ ’ਤੇ ਆ ਗਏ ਹਨ। ਡੀ. ਜੀ. ਪੀ.-ਕਮ-ਚੀਫ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਵਰਿੰਦਰ ਕੁਮਾਰ ਦੇ ਹੁਕਮਾਂ ਤਹਿਤ ਵਿਜੇਇੰਦਰ ਸਿੰਗਲਾ ਦੇ ਕਾਰਜਕਾਲ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ। ਇਸ ਸੰਬੰਧੀ ਪੰਜਾਬ ਵਿਜੀਲੈਂਸ ਬਿਊਰੋ ਸੰਗਰੂਰ ਦੇ ਡੀ. ਐੱਸ. ਪੀ. ਨੇ ਵਿਜੀਲੈਂਸ ਇਨਕੁਆਰੀ ਨੰ. 3 ਦੇ ਤਹਿਤ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਹੈੱਡਕੁਆਰਟਰ ਪਟਿਆਲਾ, ਚੀਫ ਇੰਜੀਨੀਅਰ ਨਾਰਥ, ਚੀਫ ਇੰਜੀਨੀਅਰ ਸਾਊਥ, ਚੀਫ ਇੰਜੀਨੀਅਰ ਈਸਟ ਅਤੇ ਚੀਫ ਇੰਜੀਨੀਅਰ ਵੈਸਟ ਨੂੰ ਪੱਤਰ ਲਿਖ ਕੇ ਦੋ ਦਿਨਾਂ ’ਚ ਵਿਜੇਇੰਦਰ ਸਿੰਗਲਾ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਰਿਪੋਰਟ ਦੇਣ ਲਈ ਹੁਕਮ ਜਾਰੀ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...

  ਪੱਤਰ ’ਚ ਕਿਹਾ ਗਿਆ ਹੈ ਕਿ 1 ਅਪ੍ਰੈਲ 2018 ਤੋਂ ਲੈ ਕੇ ਫਰਵਰੀ 2022 ਤੱਕ ਪੰਜਾਬ ਦੇ ਵੱਖ- ਵੱਖ ਮੰਡਲਾਂ ’ਚ ਜਿਹੜੇ-ਜਿਹੜੇ ਐਕਸੀਅਨ, ਐੱਸ. ਈ., ਚੀਫ ਇੰਜੀਨੀਅਰ ਲੱਗੇ ਰਹੇ, ਉਨ੍ਹਾਂ ਦੇ ਨਾਂ, ਮੌਜੂਦਾ ਸਮੇਂ ਉਨ੍ਹਾਂ ਦੀ ਤਾਇਨਾਤੀ ਅਤੇ ਕਿਹੜਾ ਐਕਸੀਅਨ ਕਿੰਨਾ ਸਮਾਂ ਤਾਇਨਾਤ ਰਿਹਾ, ਉਸ ਬਾਰੇ ਸੂਚਨਾ ਵਿਜੀਲੈਂਸ ਨੂੰ ਭੇਜੀ ਜਾਵੇ। ਇਸ ਦੇ ਨਾਲ ਹੀ 1 ਅਪ੍ਰੈਲ 2018 ਤੋਂ ਫਰਵਰੀ 2022 ਤੱਕ ਪੰਜਾਬ ਦੇ ਵੱਖ-ਵੱਖ ਮੰਡਲਾਂ, ਸਰਕਲਾਂ ’ਚ ਟੈਂਡਰ ਪ੍ਰੋਸੈਸਿੰਗ ਕਮੇਟੀ ਲਈ ਬਣੀ ਹੋਈ ਕਮੇਟੀ ’ਚ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਰਹੇ, ਉਨ੍ਹਾਂ ਦੇ ਨਾਂ, ਮੌਜੂਦਾ ਤਾਇਨਾਤੀ ਅਤੇ ਮੋਬਾਈਲ ਨੰਬਰ ਭੇਜੇ ਜਾਣ। ਇਸੇ ਦੌਰਾਨ ਵੱਖ-ਵੱਖ ਮੰਡਲਾਂ ਜਾਂ ਸਰਕਲਾਂ ’ਚ ਜੋ ਵੀ ਟੈਂਡਰ ਅਲਾਟ ਕੀਤੇ ਗਏ ਹਨ, ਉਨ੍ਹਾਂ ਟੈਂਡਰਾਂ ਦੀ ਸਮੁੱਚੀ ਪ੍ਰੋਸੀਡਿੰਗ ਦੀਆਂ ਤਸਦੀਕਸ਼ੁਦਾ ਕਾਪੀਆਂ ਦੋ ਦਿਨਾਂ ਦੇ ਵਿਚ-ਵਿਚ ਵਿਜੀਲੈਂਸ ਦੇ ਸਪੁਰਦ ਕੀਤੀਆਂ ਜਾਣ। ਵਿਜੀਲੈਂਸ ਕੋਲ ਕਾਫ਼ੀ ਸ਼ਿਕਾਇਤਾਂ ਅਤੇ ਰਿਕਾਰਡ ਪਹੁੰਚਿਆ ਹੈ ਕਿ ਕਾਂਗਰਸ ਸਰਕਾਰ ਦੌਰਾਨ ਟੈਂਡਰ ਅਲਾਟਮੈਂਟ ਵਿਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ ਹੈ। ਇਸ ਸਬੰਧੀ ਕਾਂਗਰਸ ਸਰਕਾਰ ਸਮੇਂ ਕੰਟਰੈਕਟਰ ਐਸੋਸੀਏਸ਼ਨ ਵੱਲੋਂ ਵੀ ਪ੍ਰੈੱਸ ਕਾਨਫਰੰਸ ਕਰਕੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਸਨ। ਇਹ ਵੀਡੀਓ ਕਲਿੱਪ ਵੀ ਵਿਜੀਲੈਂਸ ਕੋਲ ਪਹੁੰਚੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 36 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ

 ਵਿਜੀਲੈਂਸ ਕੋਲ ਪੱਕੇ ਸਬੂਤ ਹਨ ਕਿ ਲੋਕ ਨਿਰਮਾਣ ਵਿਭਾਗ ’ਚ ਕਾਂਗਰਸ ਸਰਕਾਰ ਸਮੇਂ ਸੈਂਕੜੇ ਕਰੋੜ ਰੁਪਏ ਦੇ ਘਪਲੇ ਹੋਏ ਹਨ। ਟੈਂਡਰ ਅਲਾਟਮੈਂਟ ’ਚ ਵੱਡੇ ਪੱਧਰ ’ਤੇ ਹੇਰਾਫੇਰੀ ਹੋਈ ਹੈ ਅਤੇ ਚਹੇਤੇ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਗਏ। ਵਿਜੀਲੈਂਸ ਕੋਲ ਇਹ ਸਬੂਤ ਵੀ ਪਹੁੰਚੇ ਹਨ ਕਿ ਪਹਿਲਾਂ ਟੈਂਡਰ 15 ਫੀਸਦੀ ਤੋਂ 20 ਫੀਸਦੀ ਲੈੱਸ ਤੱਕ ਪੈਂਦੇ ਸਨ ਪਰ ਵਿਜੇਇੰਦਰ ਸਿੰਗਲਾ ਦੇ ਸਮੇਂ ਇਹ ਲੈੱਸ ਘਟ ਕੇ 2 ਜਾਂ 3 ਫੀਸਦੀ ਰਹਿ ਗਿਆ ਸੀ, ਜਿਸ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ। ਰਿਕਾਰਡ ਮਿਲਣ ਤੋਂ ਬਾਅਦ ਵਿਜੀਲੈਂਸ ਵਿਭਾਗ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਅਤੇ ਇਸ ਸੰਬੰਧੀ ਮਾਹਰਾਂ ਤੋਂ ਰਿਪੋਰਟ ਲੈ ਕੇ ਐੱਫ. ਆਈ. ਆਰ. ਦਰਜ ਕਰੇਗੀ।


Manoj

Content Editor

Related News