ਵਿਜੀਲੈਂਸ ਵਲੋਂ ਸਹਿਕਾਰੀ ਸਭਾ ’ਚ 4 ਕਰੋੜ ਰੁਪਏ ਤੋਂ ਵੱਧ ਦੇ ਘੋਟਾਲੇ ਦਾ ਪਰਦਾਫਾਸ਼

Monday, Sep 05, 2022 - 05:59 PM (IST)

ਵਿਜੀਲੈਂਸ ਵਲੋਂ ਸਹਿਕਾਰੀ ਸਭਾ ’ਚ 4 ਕਰੋੜ ਰੁਪਏ ਤੋਂ ਵੱਧ ਦੇ ਘੋਟਾਲੇ ਦਾ ਪਰਦਾਫਾਸ਼

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਆਪਣਾਈ ਜ਼ੀਰੋ ਟਾਲਰੈਂਸ ਪਾਲਸੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਕਜਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਿ. ਕਜਲਾ, ਸ਼ਹੀਦ ਭਗਤ ਸਿੰਘ ਨਗਰ ਵਿਚ ਹੋਏ ਬਹੁ-ਕਰੋੜੀ ਘੋਟਾਲੇ ਦਾ ਪਰਦਾਫਾਸ਼ ਕਰਦਿਆਂ ਉਕਤ ਸਭਾ ਵਿਚ ਘੋਟਾਲਾ ਕਰਨ ਲਈ ਜ਼ਿੰਮੇਵਾਰ ਸੱਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਜਿਸ ਵਿਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਜਾਂਚ ਦੌਰਾਨ ਉਕਤ ਕੋ-ਆਪ੍ਰੇਟਿਵ ਸੋਸਾਇਟੀ ਦੇ ਅਧਿਕਾਰੀ/ਕਰਮਚਾਰੀਆਂ ਵੱਲੋ ਮਿਲੀ ਭੁਗਤ ਕਰਕੇ 4,24,02,561 ਰੁਪਏ ਦਾ ਗਬਨ ਸਾਹਮਣੇ ਆਇਆ ਹੈ। ਇਸ ਸਬੰਧੀ ਬਿਓਰੋ ਵਲੋਂ ਸਾਬਕਾ ਸਕੱਤਰ ਪ੍ਰੇਮ ਸਿੰਘ, ਸਕੱਤਰ ਮੁਅੱਤਲੀ ਅਧੀਨ ਭੁਪਿੰਦਰ ਸਿੰਘ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ, ਹਰਵੇਲ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ ਸਾਬਕਾ ਮੈਂਬਰ, ਬਲਕਾਰ ਸਿੰਘ ਸਾਬਕਾ ਮੈਂਬਰ (ਸਾਰੇ ਵਾਸੀ ਪਿੰਡ ਕਜਲਾ) ਅਤੇ ਰਾਮ ਪਾਲ ਸਾਬਕਾ ਮੈਂਬਰ ਵਾਸੀ ਪੱਦੀ ਮੱਟਵਾਲੀ ਖ਼ਿਲਾਫ਼ ਮੁਕੱਦਮਾ ਨੰਬਰ. 16 ਮਿਤੀ 05.09.2022 ਅ/ਧ 408, 420, 465, 467, 468, 477-ਏ, 120-ਬੀ-ਆਈ.ਪੀ.ਸੀ. ਅਤੇ 13(1)ਏ, 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।

ਇਨ੍ਹਾਂ ਵਿਚੋਂ ਤਿੰਨ ਦੋਸ਼ੀਆਂ ਪ੍ਰੇਮ ਸਿੰਘ, ਭੁਪਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਜਲਾ ਬਹੁਮੰਤਵੀ ਕੋ-ਆਪ੍ਰੇਟਿਵ ਸੋਸਾਇਟੀ ਪਿੰਡ ਕਜਲਾ ਵਿਚ ਕਰੀਬ 1220 ਖਾਤਾ ਧਾਰਕ/ਮੈਂਬਰ ਹਨ, ਉਕਤ ਸਭਾ ਪਾਸ 02 ਟਰੈਕਟਰ ਵੱਡੀ ਮਾਤਰਾ ਵਾਹੀਯੋਗ ਜ਼ਮੀਨ ਨਾਲ ਸਬੰਧੀ ਖੇਤੀਬਾੜੀ ਦੇ ਸੰਦ ਹਨ। ਇਸ ਤੋਂ ਇਲਾਵਾ ਉਕਤ ਸੁਸਾਇਟੀ ਵੱਲੋਂ ਖਾਦਾ ਅਤੇ ਕੀਟ ਨਾਸ਼ਕ ਦਵਾਈਆਂ ਆਦਿ ਵੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਉਕਤ ਸੁਸਾਇਟੀ ਵਿਚ ਕੁੱਲ 02 ਕਰਮਚਾਰੀ ਵੱਖ-ਵੱਖ ਜਗ੍ਹਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਉਕਤ ਸਭਾ ਵੱਲੋਂ ਹੀ ਤਨਖਾਹ ਦਿੱਤੀ ਜਾਂਦੀ ਹੈ। ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿਚ ਕਰੋੜਾਂ ਰੁਪਇਆ ਦੀਆਂ ਐੱਫ. ਡੀ. ਆਰਜ਼ ਕਰਵਾਈਆਂ ਗਈਆਂ ਹਨ। 

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਉਕਤ ਸੁਸਾਇਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਿਕ ਉਕਤ ਸਭਾ ਵਿਚ ਸਾਲ 2012-13 ਤੋਂ ਲੈ ਕੇ ਸਾਲ 2017-18 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿਚ 4,24,02,561 ਰੁਪਏ ਦਾ ਗਬਨ ਹੋਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘੋਟਾਲੇ ਵਿਚ ਸ਼ਾਮਲ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਨੂੰ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ ਅਤੇ ਇਸ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।


author

Gurminder Singh

Content Editor

Related News