ਵਿਧਾਨ ਸਭਾ ਸੈਸ਼ਨ ਦਾ ਭੱਤਾ ਨਹੀਂ ਲੈਣਗੇ ''ਆਪ'' ਵਿਧਾਇਕ : ਭਗਵੰਤ ਮਾਨ (ਵੀਡੀਓ)
Monday, Dec 17, 2018 - 04:50 PM (IST)
ਬਰਨਾਲਾ (ਪੁਨੀਤ)— ਵਿਧਾਨ ਸਭਾ 'ਚ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਦੋਗੁਣੀ ਕਰਨ ਦੇ ਪ੍ਰਪੋਜ਼ਲ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ। ਬਰਨਾਲਾ ਪਹੁੰਚੇ ਸੰਸਦ ਮੈਂਬਰ ਭਗਵੰਤ ਮਾਨ ਮੁਤਾਬਕ 'ਆਪ' ਵਿਧਾਇਕਾਂ ਨੂੰ ਪੰਜਾਬ ਦੀ ਫਿਕਰ ਹੈ। ਇਸ ਲਈ ਉਨਾਂ ਨੂੰ ਤਨਖਾਹਾਂ 'ਚ ਵਾਧਾ ਮਨਜ਼ੂਰ ਨਹੀਂ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕਰਨਾ ਚਾਹੀਦਾ ਸੀ। ਅਧਿਆਪਕ ਆਪਣੀਆਂ ਤਨਖਾਹਾਂ ਵਿਚ ਵਾਧਾ ਕਰਨ ਨੂੰ ਲੈ ਕੇ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਦੀ ਤਨਖਾਹ 45000 ਰੁਪਏ ਤੋਂ ਘਟਾ ਕੇ 15,000 ਕਰ ਦਿੱਤੀ ਗਈ ਹੈ। ਉਥੇ ਹੀ ਪੰਜਾਬ ਸਰਕਾਰ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਕਰਨ ਦੀ ਬਜਾਏ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਵਾਧਾ ਕਰ ਰਹੀ ਹੈ, ਜੋ ਕਿ ਬਿਲਕੁੱਲ ਗਲਤ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜੋ ਕਿ ਪਹਿਲਾਂ ਹੀ ਕਰੋੜਪਤੀ ਹਨ, ਉਨ੍ਹਾਂ ਦੀ ਤਨਖਾਹ ਨਹੀਂ ਵਧਾਉਣੀ ਚਾਹੀਦੀ ਅਤੇ ਆਮ ਆਦਮੀ ਪਾਰਟੀ ਵਿਧਾਇਕਾਂ ਦੀ ਤਨਖਾਹ ਵਾਧੇ ਵਿਰੁੱਧ ਹੈ ਅਤੇ ਉਨ੍ਹਾਂ ਨੇ ਵਿਧਾਨ ਸਭਾ ਵਿਚ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ।
ਗੌਰਤਲਬ ਹੈ ਕਿ ਪੰਜਾਬ ਦੇ 80 ਫੀਸਦੀ ਵਿਧਾਇਕ ਕਰੋੜਪਤੀ ਹਨ, ਜਿਨ੍ਹਾਂ ਦੀ ਤਨਖਾਹ 1 ਲੱਖ 20 ਹਜ਼ਾਰ ਤੋਂ ਜ਼ਿਆਦਾ ਪ੍ਰਤੀ ਮਹੀਨਾ ਹੈ ਤੇ ਜੇਕਰ ਹੁਣ ਤਨਖਾਹਾਂ ਵਧਦੀਆਂ ਹਨ ਤਾਂ ਪੰਜਾਬ ਦੇ ਵਿਧਾਇਕਾਂ ਨੂੰ ਪ੍ਰਤੀ ਮਹੀਨਾ ਕਰੀਬ ਢਾਈ ਲੱਖ ਤਨਖਾਹ ਮਿਲੇਗੀ।
