ਝਪਟਮਾਰਾਂ ਦੀ ਸ਼ਿਕਾਰ ਅੌਰਤ ਦੀ ਵਾਇਰਲ ਵੀਡੀਓ ਬਣੀ ਪੁਲਸ ਦੇ ਗਲੇ ਦੀ ਹੱਡੀ­­

Tuesday, Aug 28, 2018 - 05:32 AM (IST)

ਅੰਮ੍ਰਿਤਸਰ,  (ਅਰੁਣ)-  ਨਸ਼ੇ ’ਚ ਧੁੱਤ ਮੋਟਰਸਾਈਕਲ ਸਵਾਰ ਲੁਟੇਰੇ ਕਿਸ ਕਦਰ ਬੇਰਹਿਮੀ ਦੇ ਨਾਲ ਲੱਟ-ਖੋਹ ਦੀਆਂ ਵਾਰਦਾਤ ਨੂੰ ਅੰਜਾਮ ਦਿੰਦੇ ਹਨ, ਜੋ ਕਿਸੇ ਵੀ ਵਿਅਕਤੀ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਆਪਣੀ ਦਰਿੰਦਗੀ ਨੂੰ ਜਗਜਾਹਿਰ ਕਰਦੇ ਹਨ। ਅਜਿਹੀ ਹੀ ਇਕ ਮਿਸਾਲ ਰਣਜੀਤ ਐਵੀਨਿਊ ਏ ਬਲਾਕ ਵਿਚ ਹੋਈ ਅੌਰਤ ਨਾਲ ਲੁੱਟ-ਖੋਹ ਦੀ ਵਾਇਰਲ ਹੋਈ ਵੀਡੀਓ ਇਨ੍ਹਾਂ ਵਹਿਸ਼ੀ ਲੁਟੇਰਿਆਂ ਦੀ ਦਰਿੰਦਗੀ ਨੂੰ ਬਿਆਨ ਕਰ ਰਹੀ ਹੈ ਜਿਸ ਵਿਚ ਉਕਤ ਅੌਰਤ  ਕੋਲੋਂ ਪਰਸ ਖੋਹਣ ਮੌਕੇ ਅੌਰਤ ਜੋ ਕਰੀਬ 200 ਮੀਟਰ  ਮੋਟਰਸਾਈਕਲ ਸਵਾਰਾਂ ਦੇ ਮਗਰ ਘਿਸਰਦੀ ਨਜ਼ਰ ਆਈ ਅਤੇ ਜਿਸ ਦੀਆਂ ਦੋ ਪਲਟਬਾਜ਼ੀਆਂ ਵੀ ਲੱਗੀਆਂ ਪਰ ਨਸ਼ੇ ’ਚ ਧੁੱਤ ਇਨ੍ਹਾਂ ਲੁਟੇਰਿਆਂ ਨੂੰ ਉਸ ਅੌਰਤ ਉੱਪਰ ਰਤੀ ਵੀ ਤਰਸ ਨਹੀਂ ਆਇਆ। ਮੁਲਜ਼ਮਾਂ ਦੀ ਗ੍ਰਿਫਤਾਰੀ  ਸਬੰਧੀ ਵਾਇਰਲ ਹੋਈ ਇਹ ਵੀਡੀਓ ਪੁਲਸ ਦੇ ਗਲੇ ਦੀ ਹੱਡੀ ਬਣੀ ਹੋਈ ਹੈ।
 ®ਦੱਸਣਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ ਇਹ ਰਣਜੀਤ ਐਵੀਨਿਊ ਇਲਾਕਾ ਜੋ ਸ਼ਹਿਰ ਦੇ ਪਾਸ਼ ਇਲਾਕਿਆਂ ਵਿਚੋਂ ਇਕ ਨੰਬਰ ਮੰਨਿਆ ਜਾਂਦਾ ਹੈ ਅੱਜ ਲੋਟੂ ਟੋਲਿਆ ਅਤੇ ਝੱਪਟਮਾਰਾਂ ਦੀ ਲੁਕਣਗਾਹ ਬਣਿਆ ਹੋਇਆ ਹੈ।   ਵਾਇਰਲ ਹੋਈ ਅੌਰਤ ਨਾਲ ਖਿੱਚ-ਧੂਹ ਸਬੰਧੀ ਵੀਡੀਓ ਜਿਸ ਦੇ ਸ਼ਹਿਰ ਭਰ ਵਿਚ ਚਰਚੇ ਚੱਲ ਰਹੇ ਹਨ। ਹਰਜੋਤ ਕੌਰ ਨਾਂ ਦੀ ਇਸ ਅੌਰਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਪੁਲਸ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਕਰ ਰਹੀ ਹੈ।

ਪੁਲਸ ਵਾਇਰਲ ਹੋਈ ਇਸ ਵੀਡੀਓ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਬੇਪਰਦ ਕਰਨ ਮਗਰੋਂ ਸ਼ਲਾਖਾ ਦੇ ਪਿਛੇ ਭੇਜਿਆ ਜਾਵੇਗਾ। ਪੁਲਸ ਵੱਲੋਂ ਇਸ ਇਲਾਕੇ ਦੀ ਗਸ਼ਤ ਵਿਚ ਹੋਰ ਵਾਧਾ ਕੀਤਾ ਗਿਆ ਹੈ ਅਤੇ ਪੁਲਸ ਦੀ ਨਫਰੀ ਨੂੰ ਧਿਆਨ ਵਿਚ ਰੱਖਦਿਆਂ ਰਿਜ਼ਰਵ ਫੋਰਸ ਦੇ ਕੁਝ ਮੁਲਾਜ਼ਮਾਂ ਨੂੰ ਵੀ ਆਰਜ਼ੀ ਤੌਰ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ।  
 –ਸਰਬਜੀਤ ਸਿੰਘ ਬਾਜਵਾ, ਏ.ਸੀ.ਪੀ. ਨਾਰਥ।


Related News